ਕਿਸਾਨ ਚਾਰਾ ਕਟਾਈ ਮਸ਼ੀਨਾਂ ‘ਤੇ ਮਿਲਦੀ ਸਬਸਿਡੀ ਦਾ ਭਰਪੂਰ ਲਾਹਾ ਲੈਣ: ਬਲਬੀਰ ਸਿੱਧੂ

172
Advertisement

ਚੰਡੀਗੜ,  31 ਮਈ (ਵਿਸ਼ਵ ਵਾਰਤਾ) : ਪੰਜਾਬ ਦੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਐਲਾਨ ਕੀਤਾ ਕਿ ਡੇਅਰੀ ਧੰਦੇ ਨੂੰ ਆਰਥਿਕ ਪੱਖੋਂ ਹੋਰ ਕਾਮਯਾਬ ਬਣਾਉਣ ਲਈ ਹਰੇ ਚਾਰੇ ਦੀ ਕਟਾਈ ਤੇ ਕੁਤਰਾਈ ਵਾਲੀਆਂ ਮਸ਼ੀਨ ‘ਤੇ ਕਿਸਾਨਾਂ ਨੂੰ 50,000 ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ।
ਡੇਅਰੀ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸਬਸਿਡੀ ਸਕੀਮ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਕਤਾਰਾਂ ‘ਤੇ ਖੜੀ ਮੱਕੀ ਵੱਢਣ ਲਈ ਸਿੰਗਲ ਰੋਅ ਫ਼ੌਡਰ ਹਾਰਵੈਸਟਰ ਅਤੇ ਬਰਸੀਮ, ਲੂਸਣ ਵੱਢਣ ਵਾਲੀ ਸੈਲਫ਼ ਪ੍ਰੋਪੈਲਡ ਮਸ਼ੀਨ ‘ਤੇ 50,000 ਰੁਪਏ ਪ੍ਰਤੀ ਮਸ਼ੀਨ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਕਿਸਾਨ ਇਸ ਸਕੀਮ ਦਾ ਭਰਪੂਰ ਲਾਹਾ ਲੈਣ। ਉਨਾ ਦੱਸਿਆ ਕਿ ਮੱਕੀ, ਚਰੀ ਅਤੇ ਬਰਸੀਮ ਆਦਿ ਕੱਟਣ ਵਾਲੀਆਂ ਮਸ਼ੀਨਾਂ ‘ਤੇ ਸਬਸਿਡੀ ਦੇਣ ਨਾਲ ਜਿੱਥੇ ਲੇਬਰ ਦੀ ਸਮੱਸਿਆ ਨਾਲ ਜੂਝ ਰਹੇ ਸੂਬੇ ਦੇ ਪਸ਼ੂ ਪਾਲਕਾਂ ਨੂੰ ਲਾਭ ਹੋਵੇਗਾ, ਉੱਥੇ ਸਾਰਾ ਸਾਲ ਹਰਾ ਚਾਰਾ ਉਪਲਬਧ ਕਰਵਾ ਕੇ ਪਸ਼ੂਆਂ ਦੀ ਉਤਪਾਦਨ ਤੇ ਪ੍ਰਜਨਣ ਸ਼ਕਤੀ ਨੂੰ ਵੀ ਵਧਾਇਆ ਜਾ ਸਕੇਗਾ।
ਸ. ਬਲਬੀਰ ਸਿੰਘ ਸਿੱਧੂ  ਨੇ ਦੱਸਿਆ ਕਿ ਲੋੜਵੰਦ ਕਿਸਾਨ ਆਪਣੀਆਂ ਅਰਜ਼ੀਆਂ ਤੁਰੰਤ ਆਪਣੇ ਜ਼ਿਲਾ ਦੇ ਡਿਪਟੀ ਡਾਇਰੈਕਟਰ, ਡੇਅਰੀ ਨੂੰ ਭੇਜਣ। ਉਨ•ਾਂ ਦੱਸਿਆ ਕਿ ਸਬਸਿਡੀ ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਦਿੱਤੀ ਜਾਵੇਗੀ।
ਉਨਾ ਕਿਹਾ ਕਿ ਡੇਅਰੀ ਫ਼ਾਰਮਿੰਗ ਦੀ ਸਫ਼ਲਤਾ ਲਈ ਦੁਧਾਰੂ ਪਸ਼ੂਆਂ ਨੂੰ ਸਾਰਾ ਸਾਲ ਹਰਾ ਚਾਰਾ ਉਪਲਬਧ ਕਰਾਉਣਾ ਬਹੁਤ ਜ਼ਰੂਰੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਚਾਰੇ ਦੀ ਭਰਪੂਰ ਉਪਲਬਧਤਾ ਵਾਲੇ ਦਿਨਾਂ ਵਿੱਚ ਇਸ ਨੂੰ ਕੱਟ ਅਤੇ ਕੁਤਰ ਕੇ ਹਰੇ ਚਾਰੇ ਤੋਂ ਆਚਾਰ ਜਾਂ ਭੌਂਅ ਜਾਂ ਹੇਅ ਬਣਾਉਣ। ਗ਼ੈਰ ਫਲੀਦਾਰ ਚਾਰਾ ਜਿਵੇਂ ਮੱਕੀ, ਚਰੀ ਆਦਿ ਤੋਂ ਆਚਾਰ ਅਤੇ ਫਲੀਦਾਰ ਚਾਰੇ ਜਿਵੇਂ ਬਰਸੀਮ, ਲੂਸਣ, ਲੋਬੀਆ ਆਦਿ ਤੋਂ ਭੌਂਅ ਜਾਂ ਹੇਅ ਬਣਾਇਆ ਜਾ ਸਕਦਾ ਹੈ। ਚਾਹੇ ਆਚਾਰ ਹੋਵੇ ਜਾਂ ਭੌਂਅ ਹੋਵੇ, ਇਸ ਨੂੰ ਮਜ਼ਦੂਰਾਂ ਨਾਲ ਕੱਟ ਕੇ ਕੁਤਰਨਾ ਨਾ ਸਿਰਫ਼ ਮਹਿੰਗਾ ਪੈਂਦਾ ਹੈ ਬਲਕਿ ਇਸ ‘ਤੇ ਸਮਾਂ ਵੀ ਵੱਧ ਲੱਗਦਾ ਹੈ ਕਿਉਂਕਿ ਇਹ ਦੋਵੇਂ ਕੰਮ ਚਾਰੇ ਦੀ ਕਟਾਈ ਦੀ ਹਾਲਤ ‘ਤੇ ਨਿਰਭਰ ਕਰਦੇ ਹਨ ਅਤੇ ਇੱਕ ਜਾਂ ਦੋ ਦਿਨ ਵਿੱਚ ਹੀ ਨੇਪਰੇ ਚਾੜ•ਨੇ ਹੁੰਦੇ ਹਨ, ਇਸ ਲਈ ਇਸ ਗਤੀਵਿਧੀ ਦੇ ਮਸ਼ੀਨੀਕਰਨ ਦੀ ਬਹੁਤ ਹੀ ਜ਼ਰੂਰਤ ਹੈ ਜਿਸ ਕਰਕੇ ਕਿਸਾਨਾਂ ਨੂੰ ਇਹ ਮਸ਼ੀਨਾਂ ਜ਼ਰੂਰ ਲੈਣੀਆਂ ਚਾਹੀਦੀਆਂ ਹਨ।