- ਸੋਸ਼ਲ ਮੀਡੀਆ ਵੀਡੀਓ ਮਾਮਲੇ ਵਿਚ ਦੋਸ਼ੀ ਖਿਲਾਫ ਕਾਰਵਾਈ ਦੀ ਕੀਤੀ ਮੰਗ
- ਮਟੌਰ ਥਾਣੇ ਦੇ ਬਾਹਰ ਮੁੱਖ ਸੜਕ ਤੇ ਲਾਇਆ ਜਾਮ
- ਕਈ ਗੱਡੀਆਂ ਨੂੰ ਪਹੁੰਚਾਇਆ ਨੁਕਸਾਨ
ਮੋਹਾਲੀ, 29 ਮਈ (ਬਲਜੀਤ ਸਿੰਘ) – ਮੋਹਾਲੀ ਦੇ ਫੇਜ਼-7 ਦੇ ਮਟੌਰ ਥਾਣੇ ਦੇ ਬਾਹਰ ਕਿੰਨਰਾਂ ਵਲੋਂ ਅੱਜ ਅਰਧ ਨਗਨ ਹਾਲਤ ਵਿਚ ਭਾਰੀ ਹੰਗਾਮਾ ਕੀਤਾ ਗਿਆ। ਇਨ੍ਹਾਂ ਕਿੰਨਰਾਂ ਦੀ ਮੰਗ ਸੀ ਕਿ ਸ਼ੋਸ਼ਲ ਮੀਡੀਆ ਉਤੇ ਕਿੰਨਰਾਂ ਦੀ ਝੂਠੀ ਵੀਡੀਓ ਪਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ।
ਇਸ ਦੌਰਾਨ ਮਟੌਰ ਥਾਣੇ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿੰਨਰਾਂ ਨੂੰ ਪੁਲਿਸ ਵਲੋਂ ਕਾਰਵਾਈ ਦਾ ਭਰੋਸਾ ਦਿਤਾ ਗਿਆ, ਪਰ ਬਾਅਦ ਵਿਚ ਅਚਾਨਕ ਇਹ ਸਾਰੇ ਕਿੰਨਰ ਗੁੱਸੇ ਵਿਚ ਆ ਗਏ ਅਤੇ ਉਹਨਾਂ ਨੇ ਆਪਣੇ ਕੱਪੜੇ ਉਤਾਰ ਕੇ ਅਰਧ ਨਗਨ ਹਾਲਤ ਵਿੱਚ ਮਟੌਰ ਥਾਣੇ ਅੱਗਿਉਂ ਲੰਘਦੀ ਸੜਕ ਪ੍ਰਦਰਸ਼ਨ ਕੀਤਾ ਤੇ ਸੜਕ ਨੂੰ ਜਾਮ ਕਰ ਦਿੱਤਾ। ਕੁਝ ਤਾਂ ਆਪਣੇ ਪੂਰੇ ਕਪੜੇ ਉਤਾਰ ਕੇ ਵਾਹਨਾਂ ਦੇ ਉਪਰ ਚੜ ਗਏ ਤੇ ਗੱਡੀਆਂ ਨੂੰ ਨੁਕਸਾਨ ਵੀ ਪਹੁੰਚਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਵੀ ਇਕੱਠੇ ਹੋ ਗਏ।
ਇਹਨਾਂ ਕਿੰਨਰਾਂ ਨੇ ਕਿਹਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੁਆਰਾ ਬਿਨਾਂ ਵਜਾ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਮੌਕੇ ਤੇ ਪਹੁੰਚੇ ਡੀ.ਐਸ.ਪੀ ਸਿਟੀ 1 ਸ੍ਰੀ ਆਲਮ ਵਿਜੇ ਸਿੰਘ ਅਤੇ ਐਸ ਐਚ ਓ ਸ੍ਰੀ ਰਾਜੀਵ ਕੁਮਾਰ ਨੇ ਕਿੰਨਰਾਂ ਨੂੰ ਕਿਹਾ ਕਿ ਉਹ ਦੋਸ਼ੀ ਵਿਰੁੱਧ ਲਿਖਤੀ ਰੂਪ ਵਿਚ ਸ਼ਿਕਾਇਤ ਦੇਣ ਤੇ ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਮਗਰੋਂ ਕਿੰਨਰਾਂ ਨੇ ਸੜਕ ਤੇ ਜਾਮ ਖਤਮ ਕਰ ਦਿੱਤਾ।
ਵਰਨਣਯੋਗ ਹੈ ਕਿ ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ, ਜਿਸ ਵਿਚ ਦਿਖਾਇਆ ਗਿਆ ਸੀ ਕਿ ਮੋਹਾਲੀ ਏਅਰਪੋਰਟ ਰੋਡ ਉਤੇ ਅਰਧ ਨੰਗੇ ਕੁੱਝ ਕਿੰਨਰ ਸੜਕ ਤੇ ਗੱਡੀਆਂ ਅੱਗੇ ਨੱਚ ਕੇ ਵਾਹਨ ਮਾਲਕਾਂ ਨੂੰ ਰੋਕਦੇ ਹਨ।