ਸ਼ਾਹਕੋਟ 28 ਮਈ (ਵਿਸ਼ਵ ਵਾਰਤਾ) – ਸ਼ਾਹਕੋਟ ਜ਼ਿਮਨੀ ਚੋਣ ਲਈ ਅੱਜ ਮਤਦਾਨ ਸੰਪੰਨ ਹੋ ਗਿਆ। ਇਸ ਦੌਰਾਨ ਪੋਲਿੰਗ ਬੂਥਾਂ ਦੇ ਅੰਦਰ ਲਾਈਨਾਂ ਵਿਚ ਲੱਗੇ ਵੋਟਰ ਹੀ ਆਪਣੀ ਵੋਟ ਪਾ ਸਕਣਗੇ। ਸ਼ਾਹਕੋਟ ਵਿਚ 6 ਵਜੇ ਤੱਕ 73 ਫੀਸਦੀ ਮਤਦਾਨ ਹੋਇਆ ਹੈ।
ਦੂਸਰੇ ਪਾਸੇ ਇਨ੍ਹਾਂ ਚੋਣਾਂ ਲਈ 12 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਈਵੀਐਮ ਵਿਚ ਬੰਦ ਹੋ ਗਿਆ ਹੈ। 31 ਮਈ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਇਹਨਾਂ ਚੋਣਾਂ ਪ੍ਰਤੀ ਵੋਟਰਾਂ ਵਿਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਪੋਲਿੰਗ ਬੂਥਾਂ ਅੱਗੇ ਸਵੇਰ ਤੋਂ ਹੀ ਲੰਬੀਆਂ-ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਭਾਰੀ ਗਰਮੀ ਦੇ ਬਾਵਜੂਦ ਨੌਜਵਾਨਾਂ, ਔਰਤਾਂ ਤੇ ਬਜੁਰਗਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਦੱਸਣਯੋਗ ਹੈ ਕਿ ਇਹ ਸੀਟ ਅਕਾਲੀ ਦਲ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਸੀ। ਇਸ ਸੀਟ ਉਤੇ ਮੁੱਖ ਮੁਕਾਬਲਾ ਕਾਂਗਰਸ ਦੇ ਹਰਦੇਵ ਸਿੰਘ ਲਾਡੀ, ਅਕਾਲੀ ਦਲ ਦੇ ਨਾਇਬ ਸਿੰਘ ਕੋਹਾੜ ਤੇ ਆਪ ਦੇ ਰਤਨ ਸਿੰਘ ਕਾਕੜ ਕਲਾਂ ਦਰਮਿਆਨ ਹੈ।