-ਭਗਵੰਤ ਮਾਨ, ਖਹਿਰਾ, ਡਾ. ਬਲਬੀਰ ਤੇ ਅਲਕਾ ਲਾਂਬਾ ਨੇ ਕੀਤੀ ਅਗਵਾਈ
-‘ਆਪ’ ਨਾਲ ਚਟਾਨ ਵਾਂਗ ਖੜ੍ਹਾ ਹਾਂ-ਭਗਵੰਤ ਮਾਨ
ਜਲੰਧਰ/ਸ਼ਾਹਕੋਟ, 25 ਮਈ (ਵਿਸ਼ਵ ਵਾਰਤਾ)- ਸ਼ਾਹਕੋਟ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ, ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਯੂਥ ਵਿੰਗ ਦੇ ਇੰਚਾਰਜ ਵਿਧਾਇਕ ਮੀਤ ਹੇਅਰ ਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਸੂਬਾ ਸਕੱਤਰ ਜਗਤਾਰ ਸਿੰਘ ਸੰਘੇੜਾ, ਸੰਗਠਨਾਤਮਕ ਇੰਚਾਰਜ ਗੈਰੀ ਵੜਿੰਗ, ਖ਼ਜ਼ਾਨਚੀ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ‘ਚ ਸਮੁੱਚੇ ਸ਼ਾਹਕੋਟ ਹਲਕੇ ‘ਚ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ ‘ਚ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਮੌਕੇ ਦਿੱਲੀ ਤੋਂ ‘ਆਪ’ ਵਿਧਾਇਕ ਅਲਕਾ ਲਾਂਬਾ ਅਤੇ ਨਰੇਸ਼ ਯਾਦਵ ਸਮੇਤ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਨਾਜ਼ਰ ਸਿੰਘ ਮਾਨਸ਼ਾਹੀਆਂ, ਪ੍ਰਿੰਸੀਪਲ ਬੁੱਧ ਰਾਮ, ਪਿਰਮਲ ਸਿੰਘ ਧੌਲਾ, ਕੁਲਵੰਤ ਸਿੰਘ ਪੰਡੋਰੀ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ ਜੈਤੋ, ਮਾਝਾ ਜ਼ੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਮਾਲਵਾ ਜ਼ੋਨ-1 ਦੇ ਪ੍ਰਧਾਨ ਅਨਿਲ ਠਾਕੁਰ, ਮਾਲਵਾ ਜ਼ੋਨ-2 ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ, ਸਮੇਤ ਸਮੁੱਚੀ ਸੂਬਾ ਲੀਡਰਸ਼ਿਪ ਅਤੇ ਭਾਰੀ ਗਿਣਤੀ ‘ਚ ਵਲੰਟੀਅਰ ਸ਼ਾਮਲ ਹੋਏ।
ਸੈਂਕੜੇ ਗੱਡੀਆਂ ਦੇ ਕਾਫ਼ਲੇ ਨਾਲ ਲੋਹੀਆਂ ਖਾਸ ਦੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਫ਼ੁਲ ਘੱਦੂਵਾਲ, ਆਲੀਵਾਲ, ਮੁਰੀਦਵਾਲ, ਰੂਪੇਵਾਲ, ਮੰਡੀ, ਮਲਸੀਆਂ, ਸ਼ਾਹਕੋਟ, ਪਰਜੀਆਂ ਦੇ ਮੁੱਖ ਬਜਾਰ ‘ਚ ਸਮਾਪਤ ਹੋਇਆ।
ਸ਼ਾਹਕੋਟ ਅਤੇ ਮਹਿਤਪੁਰ ‘ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਚਾਚੇ-ਭਤੀਜੇ ਹਨ ਅਤੇ ਆਪਸ ‘ਚ ਰਲੇ ਹੋਏ ਹਨ। ਇਸ ਲਈ ਇਹ ਸੀਟ ਆਮ ਆਦਮੀ ਪਾਰਟੀ ਦੇ ਸੁੱਚੇ-ਸੁੱਚੇ ਇਮਾਨਦਾਰ ਅਤੇ ਸਮਾਜ ਸੇਵਕ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਨੂੰ ਜਿਤਾ ਕੇ ਸੱਤਾਧਾਰੀ ਕਾਂਗਰਸ ਤੇ ਤਲਵਾਰ ਲਟਕਾਓ ਤਾਂ ਕਿ ਉਹ ਡਰ ਦੇ ਭਵਿੱਖ ‘ਚ ਨਾ ਕੇਵਲ ਸ਼ਾਹਕੋਟ ਬਲਕਿ ਪੂਰੇ ਪੰਜਾਬ ਨਾਲ ਕੀਤੇ ਸਾਰੇ ਵਾਅਦੇ ਨਿਭਾਵੇ। ਰੇਤ-ਮਾਫ਼ੀਆ ਤੇ ਨਸ਼ਾ ਮਾਫ਼ੀਆ ਨੂੰ ਨੱਥ ਪਾ ਕੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ‘ਤੇ ਖਰਾ ਉੱਤਰਨ।
ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਤਿੰਨ ਪੀੜੀਆਂ ਖਾ ਲਈਆਂ ਅਤੇ ਪੰਜ ਦਰਿਆਵਾਂ ਦੇ ਪਾਕ-ਪਵਿੱਤਰ ਪਾਣੀ ਸਮੇਤ ਸਾਰੇ ਕੁਦਰਤੀ ਸਰੋਤ ਜਹਿਰਾਂ ਨਾਲ ਭਰ ਦਿੱਤੇ। ਇਸ ਲਈ ਅਗਲੀ ਪੀੜੀਆਂ ਨੂੰ ਬਚਾਉਣ ਲਈ ‘ਆਪ’ ਦਾ ਸਾਥ ਦਿਓ।
ਭਗਵੰਤ ਮਾਨ ਨੇ ਮੀਡੀਆ ਦੇ ਨਾਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਚਟਾਨ ਵਾਂਗ ਖੜੇ ਹਨ। ਹੋਰਾਂ ਪਾਰਟੀਆਂ ‘ਚ ਜਾਣ ਬਾਰੇ ਅਫ਼ਵਾਹਾਂ ਵਿਰੋਧੀਆਂ ਵੱਲੋਂ ਉਡਾਈਆਂ ਜਾ ਰਹੀਆਂ ਹਨ, ਜਿਸਤੋਂ ਸਾਬਤ ਹੁੰਦਾ ਹੈ ਕਿ ਭਗਵੰਤ ਮਾਨ ਅਕਾਲੀਆਂ ਅਤੇ ਕਾਂਗਰਸੀਆਂ ਲਈ ਹਊਆ ਬਣਿਆ ਹੋਇਆ ਹੈ।
ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਮਾਫ਼ੀਆ ਕਰਾਰ ਦਿੰਦੇ ਹੋਏ ਇਸ ਚੋਣ ‘ਚ ਦੋਵਾਂ ਨੂੰ ਸਬਕ ਸਿਖਾਉਣ ਦਾ ਸੱਦਾ ਦਿੱਤਾ। ਅਲਕਾ ਲਾਂਬਾ ਨੇ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ‘ਆਪ’ ਦੀ ਦਿੱਲੀ ਸਰਕਾਰ ਦੇ ਕੰਮਾਂ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਤੇ ਪਿਛਲੀ ਸਰਕਾਰ ਦੇ ਕੰਮਾਂ ਨਾਲ ਦੀ ਅਪੀਲ ਕੀਤੀ। ਅਲਕਾ ਲਾਂਬਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਸਿਹਤ, ਸਿੱਖਿਆ, ਸਸਤੀ ਬਿਜਲੀ ਅਤੇ ਹੋਰ ਸਹੂਲਤਾਂ ਦੀ ਦਿੱਲੀ ਸਰਕਾਰ ਨਾਲ ਤੁਲਨਾ ਕਰਨ।