ਲੋਕਾਂ ਵੱਲੋਂ ਕਟਾਪਾ, ਲੁੱਟੇ 3 ਲੱਖ ਰੁਪਏ ਬਰਾਮਦ, ਬਲਾਕ ਸੰਮਤੀ ਭੀਖੀ ਦਾ ਹੈ ਚੇਅਰਮੈਨ
ਮਾਨਸਾ, 24 ਮਈ (ਵਿਸ਼ਵ ਵਾਰਤਾ)- ਇੱਕ ਜ਼ਿਮੀਂਦਾਰ ਤੋਂ ਤਿੰਨ ਲੱਖ ਰੁਪਏ ਦੀ ਖੋਹ ਕਰਕੇ ਗੱਡੀ ਰਾਹੀਂ ਫਰਾਰ ਹੁੰਦੇ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਬਲਾਕ ਸੰਮਤੀ ਭੀਖੀ ਦੇ ਚੇਅਰਮੈਨ ਪਰਗਟ ਸਿੰਘ ਖੀਵਾ ਸਮੇਤ ਉਸ ਦੇ ਸਾਥੀ ਅਮਰਜੀਤ ਸਿੰਘ ਨੂੰ ਪੁਲੀਸ ਤੇ ਲੋਕਾਂ ਨੇ ਕਾਬੂ ਕਰ ਲਿਆ। ਉਨ੍ਹਾਂ ਦਾ ਮੌਕੇ ’ਤੇ ਕਟਾਪਾ ਵੀ ਚਾੜਿ੍ਹਆ ਗਿਆ ਅਤੇ ਬਾਅਦ ਵਿਚ ਪੁਲੀਸ ਨੇ ਉਨ੍ਹਾਂ ਤੋਂ ਜ਼ਿਮੀਂਦਾਰ ਪਾਸੋਂ ਲੁੱਟੀ ਹੋਈ ਤਿੰਨ ਲੱਖ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ। ਉਨ੍ਹਾਂ ਦੀ ਸਕੌਡਾ ਗੱਡੀ ਵਿਚੋਂ ਪੁਲੀਸ ਨੇ ਨਿਹੰਗਾ ਦੇ ਦੋ ਚੋਲੇ, ਸੁੱਕੀ ਤੇ ਪੀਸੀ ਹੋਈ ਲਾਲ ਮਿਰਚ ਦਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਦੇ ਖਿਲਾਫ਼ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਵੀਰਵਾਰ ਨੂੰ ਦੁਪਹਿਰ ਦੌਰਾਨ ਪਿੰਡ ਭੰਮੇ ਕਲਾਂ ਦੇ ਵਾਸੀ ਜੱਗ ਸਿੰਘ ਨੇ ਮਾਨਸਾ ਦੇ ਵਾਟਰ ਵਰਕਸ ਰੋਡ ਸਥਿਤ ਬੈਂਕ ਵਿਚੋਂ 3 ਲੱਖ ਰੁਪਏ ਕਢਵਾਏ ਸਨ, ਜਦੋਂ ਉਹ ਰੁਪਇਆਂ ਵਾਲਾ ਬੈਗ ਲੈਕੇ ਤੁਰਿਆ ਤਾਂ ਸਿਵਲ ਹਸਪਤਾਲ ਦੇ ਨੇੜੇ ਸਕੌਡਾ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨੇ ਜੱਗ ਸਿੰਘ ਪਾਸੋਂ ਰੁਪਇਆਂ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਕਿਸਾਨ ਜੱਗ ਸਿੰਘ ਨੇ ਨੇੜੇ ਹੀ ਤਾਇਨਾਤ ਟਰੈਫਿਕ ਪੁਲੀਸ ਦੇ ਹੌਲਦਾਰ ਨੰਦ ਸਿੰਘ ਨੂੰ ਵਾਰਦਾਤ ਸਬੰਧੀ ਜਾਣਕਾਰੀ ਦਿਤੀ ਤਾਂ ਇਸ ਕਰਮਚਾਰੀ ਨੇ ਉਕਤ ਕਾਰ ਸਵਾਰਾਂ ਪਿਛੇ ਮੋਟਰ ਸਾਇਕਲ ਲਾ ਲਿਆ। ਪੁਲੀਸ ਵਲੋਂ ਪਿਛਾ ਕਰਨ ਦਾ ਪਤਾ ਲਗਣ ’ਤੇ ਉਕਤ ਵਿਅਕਤੀਆਂ ਨੇ ਕਾਰ ਨੂੰ ਤੇਜ਼ੀ ਨਾਲ ਭਜਾ ਲਿਆ। ਚੁਗਲੀ ਘਰ ਦੇ ਕੋਲ ਦਾਨੇਵਾਲੀਆ ਟਿੰਬਰ ਸਟੋਰ ਦੇ ਨੇੜੇ ਉਕਤ ਕਾਰ ਦਾ ਟਾਇਰ ਫਟ ਗਿਆ ਅਤੇ ਸਾਹਮਣੇ ਵਾਲੇ ਪਾਸੇ ਤੋਂ ਹੋਰ ਵਹੀਕਲ ਆ ਜਾਣ ਕਰਕੇ ਕਾਰ ਸਵਾਰ ਵਿਅਕਤੀਆਂ ਦਾ ਪਿਛਾ ਕਰ ਰਹੇ ਟਰੈਫਿਕ ਪੁਲੀਸ ਦੇ ਹੌਲਦਾਰ ਨੰਦ ਸਿੰਘ ਨੇ ਉਕਤ ਵਿਅਕਤੀਆਂ ਨੂੰ ਦਬੋਚ ਲਿਆ ਅਤੇ ਪੀਸੀਆਰ ਕਰਮਚਾਰੀਆਂ ਨੂੰ ਮੌਕੇ ’ਤੇ ਬੁਲਾ ਲਿਆ। ਇੰਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਕਾਰ ਸਵਾਰ ਦੋਵੇਂ ਵਿਅਕਤੀਆਂ ਪਰਗਟ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਪਿੰਡ ਖੀਵਾ ਖੁਰਦ ਨੂੰ 3 ਲੱਖ ਰੁਪਏ ਨਕਦੀ ਵਾਲੇ ਬੈਗ ਸਮੇਤ ਕਾਬੂ ਕਰਕੇ ਥਾਣਾ ਸਿਟੀ—1 ਮਾਨਸਾ ਦੀ ਪੁਲੀਸ ਹਵਾਲੇ ਕਰ ਦਿਤਾ।
ਥਾਣਾ ਸਿਟੀ—1 ਦੇ ਮੁਖ ਅਫਸਰ ਇੰਸਪੈਕਟਰ ਪਰਮਜੀਤ ਸਿੰਘ ਨੇ ਦ¤ਸਿਆ ਕਿ ਉਕਤ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾਫ਼ ਧਾਰਾ 392 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਉਨ੍ਹਾਂ ਦੀ ਗੱਡੀ ਵਿਚੋਂ ਮਿਰਚ ਪਾਊਡਰ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਰਗਟ ਸਿੰਘ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਕੇ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਸੀ, ਪਰ ਕੁਝ ਦਿਨਾਂ ਬਾਅਦ ਹੀ ਸੀਨੀਅਰ ਅਕਾਲੀ ਆਗੂਆਂ ਦੀ ਝੇਪ ਹੇਠ ਉਹ ਮੁੜ ਯੂ—ਟਰਨ ਕਰਕੇ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ ਸੀ ਅਤੇ ਇਸ ਵੇਲੇ ਉਹ ਬਲਾਕ ਸੰਮਤੀ ਭੀਖੀ ਦਾ ਚੇਅਰਮੈਨ ਦੱਸਿਆ ਜਾਂਦਾ ਹੈ।
ਫੋਟੋ ਕੈਪਸ਼ਨ: ਪੁਲੀਸ ਦੇ ਕਰਮਚਾਰੀ ਬਾਜਾਰ ਵਿਚੋਂ ਪਰਗਟ ਸਿੰਘ ਨੂੰ ਰਾਸ਼ੀ ਸਮੇਤ ਕਾਰ ਚੋਂ ਕੱਢਕੇ ਲਿਜਾਂਦੇ ਹੋਏ। ਫੋਟੋ: ਵਿਸ਼ਵ ਵਾਰਤਾ