ਕੌਮਾਂਤਰੀ ਮਹਿਲਾ ਦਿਵਸ ਤੇ ਵਿਸ਼ੇਸ਼
ਮੇਰੀ ਮਾਂ – ਗੁਰਭਜਨ ਗਿੱਲ
ਚੰਡੀਗੜ੍ਹ,8ਮਾਰਚ(ਵਿਸ਼ਵ ਵਾਰਤਾ)- ਵਿਸ਼ਵ ਪੱਧਰ ਤੇ ਅੱਜ ਔਰਤਾਂ ਦਾ ਦਿਹਾੜਾ ਹੈ। ਇਸ ਦਿਨ ਹਰ ਜੀਅ ਨੂੰ ਆਪਣੀ ਮਾਂ, ਭੈਣ, ਪਤਨੀ, ਧੀ,ਨੂੰਹ, ਪੋਤਰੀ ਦੋਹਤਰੀ ਚੇਤੇ ਆਉਣੀ ਸੁਭਾਵਕ ਹੈ। ਦੋ ਕੁ ਸਾਲ ਪਹਿਲਾਂ ਆਪਣੀ ਕਾਵਿ ਪੁਸਤਕ ਚਰਖ਼ੜੀ ਹੁਣੇ ਫੋਲ ਰਿਹਾ ਸਾਂ।
ਇਸ ਵਿੱਚ ਆਪਣੀ ਮਾਂ ਬਾਰੇ ਕਵਿਤਾ ਲੱਭ ਗਈ। ਸੋਚਿਆ ਕਿ ਤੁਸੀਂ ਵੀ ਪੜ੍ਹ ਲਵੋ। ਪੇਸ਼ ਹੈ ਕਵਿਤਾ ਮੇਰੀ ਮਾਂ
ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ,
ਪਰ ਉਹ ਰਿਸ਼ਤੇ ਬੁਣਨੇ ਜਾਣਦੀ ਸੀ ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ,
ਪਰ ਉਹ ਤਾਰਨਾ ਜਾਣਦੀ ਸੀ ।
ਸਰੋਵਰ ਚ ਵਾੜ ਕੇ ਆਖਦੀ,
ਡਰ ਨਾ, ਮੈਂ ਤੇਰੇ ਨਾਲ ਹਾਂ ।
ਹੁਣ ਵੀ ਜਦ ਕਦੇ ਗ਼ਮ ਦੇ ਸਾਗਰ ਜਾਂ,
ਮਨ ਦੇ ਵਹਿਣ ਚ ਵਹਿਣ ਲੱਗਦਾ ਹਾਂ,
ਤਾਂ ਮਾਂ ਡੁੱਬਣ ਨਹੀਂ ਦਿੰਦੀ ।
ਮਰਨ ਮਗਰੋਂ ਅਜੇ ਵੀ ਮੇਰੇ ਕੋਲ ਆ ਖਲੋਂਦੀ,
ਮੇਰੀਆਂ ਅੱਖਾਂ ਪੂੰਝਦੀ ਹੈ ਆਖਦੀ ਹੈ,
ਤੂੰ ਮੇਰਾ ਪੁੱਤ ਹੈ ਤੇਰੀ ਅੱਖ ਵਿੱਚ ਅੱਥਰੂ?
ਜੇ ਮੇਰਾ ਪੁੱਤਰ ਹੈ ਤਾਂ
ਇਹ ਗਲੇਡੂ ਨਾ ਵਹਾਈਂ ।
ਕੋਈ ਬੇਗਾਨਾ ਨਹੀਂ,
ਪੂੰਝਦਾ ਬਾਹਰੋਂ ਆ ਕੇ ।
ਆਪ ਹੀ ਉੱਠਣਾ ਪੈਂਦਾ ਹੈ, ਡਿੱਗ ਕੇ ।
ਮੇਰੀ ਮਾਂ ਨੂੰ ਉੱਡਣਾ ਨਹੀਂ ਸੀ ਆਉਂਦਾ
ਪਰ ਸਾਨੂੰ ਸਵੇਰ ਸ਼ਾਮ
ਸੁਪਨਿਆਂ ਦੇ ਖੰਭ ਲਾਉਂਦੀ
ਤੇ ਅਨੰਤ ਅੰਬਰੀਂ ਉਡਾਉਂਦੀ ।
ਮੇਰੀ ਮਾਂ ਨੂੰ ਮੰਗਣਾ ਨਹੀਂ ਸੀ ਆਉਂਦਾ,
ਵੰਡਣਾ ਹੀ ਜਾਣਦੀ ਸੀ ।
ਘਰ ਦੀਆਂ ਵਿੱਥਾਂ ਵਿਰਲਾਂ ‘ਚ ਪੋਟਲੀਆਂ ਅੰਦਰ,
ਰਹਿਮਤਾਂ ਬੰਨ੍ਹ ਕੇ ਲੁਕਾਈ ਰੱਖਦੀ ।
ਮਾਂ ਕੋਲ ਕਿੰਨਾ ਕੁਝ ਸੀ ।
ਨਾਂਹ ਤੋਂ ਬਗੈਰ, ਹੋਰ ਸਾਰਾ ਕੁਝ ।
ਮਾਂ ਊੜੇ ਨੂੰ ਜੂੜੇ ਤੋਂ ਪਛਾਣ ਕੇ ਅਕਸਰ ਆਖਦੀ,
ਪੁੱਤ ਇਹਦਾ ਪੱਲਾ ਨਾ ਛੱਡੀਂ ।
ਇਹੀ ਤਾਰਨਹਾਰ ਹੈ ।
ਸ਼ਾਮੀਂ ਕੁਵੇਲੇ ਘਰ ਪਰਤਣ ਕਰਕੇ,
ਬਿਰਧ ਉਮਰੇ ਵੀ ਉਹ,
ਮੰਜੀ ਤੇ ਪਈ ਲਾਡ ਨਾਲ,
ਆਪਣੇ ਕੋਲ ਬੁਲਾਉਂਦੀ ।
ਮੈਨੂੰ ਪੋਲੇ ਜਿਹੇ ਹੱਥ ਨਾਲ,
ਮੇਰੇ ਪੁੱਤਰ ਪੁਨੀਤ ਸਾਹਮਣੇ,
ਰੰਗੀ ਹੋਈ ਦਾੜ੍ਹੀ ਤੇ,
ਪੋਲਾ ਜਿਹਾ ਹੱਥ ਮਾਰਦੀ ਤੇ ਆਖਦੀ,
ਹੁਣ ਤੇ ਸੁਧਰ ਜਾਹ ਪੁੱਤ ਬਰਾਬਰ ਦਾ ਹੋ ਗਿਆ ।
ਜੇ ਕੱਲ੍ਹ ਨੂੰ ਇਹ ਵੀ ਤੇਰੇ ਵਾਂਗ ਕਰੇਗਾ,
ਤਾਂ ਕੀ ਕਰੇਂਗਾ ?
ਅੱਜ ਦੇ ਦਿਨ ਤੁਰ ਗਈ ਦੂਰ ਬਹੁਤ ਦੂਰ
ਵਿਸਾਖੀ ਉਦਾਸ ਕਰ ਗਈ ਮਾਂ
ਵਿਸਾਖੀ ਵਾਲੇ ਦਿਨ ਗੁਲਗੁਲੇ, ਗੁਣੇ, ਨਮਕੀਨ ਮੱਠੀਆਂ
ਬਣਾਉਂਦੀ ਸੀ ਬੜੇ ਸਵਾਦ ।
ਹੁਣ ਜਦ ਕਦੇ ਕੜਾਹੀ ਚੜ੍ਹਦੀ ਹੈ,
ਸਰ੍ਹੋਂ ਦਾ ਤੇਲ ਉੱਬਲਦਾ ਹੈ,
ਤਾਂ ਬਹੁਤ ਯਾਦ ਆਉਂਦੀ ਹੈ ਮਾਂ।























