ਹੁਸ਼ਿਆਰਪੁਰ, 21 ਮਈ (ਤਰਸੇਮ ਦੀਵਾਨਾ)-ਥਾਣਾ ਬੁੱਲ੍ਹੋਵਾਲ ਦੀ ਚੌਂਕੀ ਸ਼ਾਮਚੁਰਾਸੀ ਦੇ ਨੇੜਲੇ ਪਿੰਡ ਲੰਮੇ ਵਿਖੇ ਜ਼ਮੀਨੀ ਵਿਵਾਦ ਕਾਰਨ ਇਕ ਕਲਯੁੱਗੀ ਪੁੱਤਰ ਨੇ ਆਪਣੇ ਲੜਕੇ ਨਾਲ ਮਿਲ ਕੇ ਆਪਣੇ ਬਜੁਰਗ ਪਿਤਾ ਅਤੇ ਭਤੀਜੇ ਨੂੰ ਗੋਲੀ ਮਾਰਨ ਉਪਰੰਤ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਦਿਨ ਦਿਹਾੜੇ ਵੱਢ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਦਰਦਨਾਕ ਸਮਾਚਾਰ ਹੈ। ਇਸ ਸਬੰਧੀ ਪੁਲਿਸ ਕੋਲ ਦਰਜ ਕਰਵਾਏ ਗਏ ਮ੍ਰਿਤਕ ਸੁੁਲੱਖਣ ਦੇ ਪੋਤਰੇ ਦੇ ਬਿਆਨ ਮੁਤਾਬਿਕ ਉਹ ਆਪਣੇ ਭਰਾ ਹਰਮੀਤ ਸਿੰਘ ਮੀਤੂ (38) ਪੁੱਤਰ ਸੁਰਜੀਤ ਸਿੰਘ ਨਾਲ ਸਵੇਰੇ ਖੇਤਾਂ ਨੂੰ ਰੇੜੇ ਤੇ ਪੱਠੇ ਲੈਣ ਜਾ ਰਿਹਾ ਸੀ ਤਾਂ ਉਸ ਨੂੰ ਬਲਵੀਰ ਸਿੰਘ ਬਿੱਲੂ ਪੁੱਤਰ ਸੁਲੱਖਣ ਸਿੰਘ ਵਾਸੀ ਲੰਮੇ ਨੇ ਪਿੱਛੋਂ ਬਾਰਾਂਬੌਰ ਦੇ ਬੰਦੂਕ ਨਾਲ ਗੋਲੀ ਮਾਰ ਦਿੱਤੀ। ਇਸ ਉਪਰੰਤ ਉਸ ਨੂੰ ਬਲਵੀਰ ਸਿੰਘ ਲੜਕੇ ਕੁਲਵੰਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਆ ਕੇ ਉਸ ਨੂੰ ਧੌਣ ਤੋਂ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਉਪਰੰਤ ਉਕਤ ਹਮਲਾਵਰਾਂ ਨੇ ਉਨ੍ਹਾਂ ਦੇ ਨਜ਼ਦੀਕੀ ਘਰ ਵਿਖੇ ਪੁੱਜ ਕੇ ਸੁਲੱਖਣ ਸਿੰਘ (92) ਪੁੱਤਰ ਬੰਤਾ ਸਿੰਘ ਦੇ ਵੀ ਗੋਲੀ ਮਾਰਨ ਉਪਰੰਤ ਉਸ ਦੇ ਕਲਯੁੱਗੀ ਪੁੱਤਰ ਅਤੇ ਪੋਤਰੇ ਨੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਧੌਣ, ਖੱਬੀ ਬਾਂਹ ਅਤੇ ਖੱਬਾ ਗੁੱਟ ਬੁਰੀ ਤਰ੍ਹਾਂ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਉਪਰੰਤ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਮਸਾਂ ਭੱਜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ। ਜ਼ਮੀਨ ਦੀ ਵੰਡ ਦੇ ਮਾਮਲੇ ਨੂੰ ਲੈ ਕੇ ਉਕਤ ਦੋਨਾਂ ਪਰਿਵਾਰਾਂ ਦਾ ਪਿਛਲੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ ਸੀ।
ਇਸ ਮੌਕੇ ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਰਮੀਤ ਦੀ ਪਤਨੀ ਰਣਜੀਤ ਕੌਰ ਅਤੇ ਉਸ ਦੀ ਦਰਾਣੀ ਰਜਵੰਤ ਕੌਰ ਨੇ ਦੱਸਿਆ ਕਿ ਉਹ ਘਰ ਵਿਚ ਆਪਣੀਆਂ ਲੜਕੀਆਂ ਪਰਮਜੀਤ ਅਤੇ ਮਨਮੀਤ ਨਾਲ ਉਨ੍ਹਾਂ ਨੂੰ ਸਕੂਲ ਜਾਣ ਲਈ ਤਿਆਰ ਕਰ ਰਹੀਆਂ ਸਨ ਅਤੇ ਇਸ ਮੌਤ ਦੇ ਦਰਦਨਾਕ ਹਾਦਸੇ ਨੂੰ ਦੇਖ ਕੇ ਉਹ ਬੁਰੀ ਤਰ੍ਹਾਂ ਸਹਿਮ ਗਈਆਂ। ਉਨ੍ਹਾਂ ਵੀ ਭੱਜ ਕੇ ਹਮਲਾਵਰਾਂ ਤੋਂ ਆਪਣੀ ਮਸਾਂ ਜਾਨ ਬਚਾਈ। ਪੁਲਿਸ ਨੇ ਉਕਤ ਦੋਨੋਂ ਲਾਸ਼ਾਂ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀਆਂ। ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ ਐਸ ਪੀ ਏ ਪੀ ਚੇਲੀਅਨ, ਡੀ ਐਸ ਪੀ ਗੁਰਜੀਤ ਪਾਲ ਸਿੰਘ, ਐਸ ਐਚ ਓ ਯਾਦਵਿੰਦਰ ਸਿੰਘ ਬਰਾੜ, ਚੌਂਕੀ ਇੰਚਾਰਜ ਸ਼ਾਮਚੁਰਾਸੀ ਸਮੇਤ ਭਾਰੀ ਪੁਲਿਸ ਫੋਰਸ ਵਾਰਦਾਤ ਅਸਥਾਨ ਤੇ ਪੁੱਜੀ