
ਫ਼ਤਹਿਗੜ ਸਾਹਿਬ, 21 ਮਈ (ਵਿਸ਼ਵ ਵਾਰਤਾ) : ਜ਼ਿਲਾ ਪੁਲਿਸ ਨੇ 3 ਮਈ ਨੂੰ ਕੈਲਾਸ਼ ਰਾਣੀ ਪਤਨੀ ਭੋਲਾ ਰਾਮ ਵਾਸੀ ਪਟੇਲ ਨਗਰ ਸਰਹਿੰਦ ਨੇ ਕੁਝ ਔਰਤਾਂ ਵੱਲੋਂ ਉਸ ਦੀ ਸੋਨੇ ਦੀ ਚੁੜੀ ਖੋਹਣ ਸਬੰਧੀ ਕੀਤੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਚਾਰ ਕਥਿਤ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਖੋਹ ਕੀਤੀ ਸੋਨੇ ਦੀ ਚੁੜੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਐਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏ.ਐਸ.ਪੀ. ਡਾ. ਰਵਜੋਤ ਗਰੇਵਾਲ ਅਤੇ ਸ. ਦਲਜੀਤ ਸਿੰਘ ਖੱਖ ਡੀ.ਐਸ.ਪੀ. (ਜਾਂਚ) ਦੀ ਨਿਗਰਾਨੀ ਹੇਠ ਇੰਸਪੈਕਟਰ ਦਲਬੀਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਸਰਹਿੰਦ ਅਤੇ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਥਾਣਾ ਅਫਸਰ ਫ਼ਤਹਿਗੜ ਸਾਹਿਬ ਵੱਲੋਂ ਮੁਕੱਦਮਾ ਨੰ: 65 ਮਿਤੀ 3-5-18 ਨੂੰ ਆਈ.ਪੀ.ਸੀ. ਦੀ ਧਾਰਾ 379-ਬੀ, 34 ਅਧੀਨ ਥਾਣਾਂ ਫ਼ਤਹਿਗੜ ਸਾਹਿਬ ਵਿਖੇ ਚੈਨ ਸਨੇਚਰ ਅਤੇ ਗਹਿਣੇ ਚੋਰ ਗਿਰੋਹ ਦੀਆਂ ਚਾਰ ਔਰਤਾਂ ਵਿਰੁੱਧ ਕੇਸ ਦਰਜ਼ ਕੀਤਾ । ਉਨ੍ਹਾਂ ਦੱਸਿਆ ਕਿ ਥਾਣਾ ਫ਼ਤਹਿਗੜ੍ਹ ਸਾਹਿਬ ਅਤੇ ਸੀ.ਆਈ.ਏ. ਸਟਾਫ ਦੀ ਸਾਂਝੀ ਟੀਮ ਨੇ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਪਾਰਕਿੰਗ ਵਿੱਚੋਂ ਉਨ੍ਹਾਂ ਚਾਰੋ ਔਰਤਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਔਰਤਾਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਗਹਿਣੇ ਚੋਰੀ, ਚੈਨ ਸਨੈਚਿੰਗ ਤੇ ਐਨ.ਡੀ.ਪੀ.ਐਸ.ਐਕਟ ਦੀਆਂ ਧਾਰਾਵਾਂ ਹੇਠ ਮਾਮਲੇ ਦਰਜ਼ ਹਨ।
ਸ. ਰਾਣਾ ਨੇ ਦੱਸਿਆ ਕਿ ਮਿਤੀ 3-5-18 ਨੂੰ ਕੈਲਾਸ਼ ਰਾਣੀ ਪਤਨੀ ਭੋਲਾ ਰਾਮ ਵਾਸੀ ਪਟੇਲ ਨਗਰ ਸਰਹਿੰਦ ਨੇ ਇਤਲਾਹ ਦਿੱਤੀ ਸੀ ਕਿ ਜੋਤੀ ਸਰੂਪ ਮੋੜ ਫ਼ਤਹਿਗੜ੍ਹ ਸਾਹਿਬ ਪਾਸ ਬੱਤੀਆਂ ‘ਤੇ ਉਹ ਥਰੀ ਵਹੀਲਰ ‘ਤੇ ਆਪਣੇ ਘਰ ਆ ਰਹੀ ਸੀ ਤਾਂ ਤਿੰਨ ਔਰਤਾਂ ਆਈਆਂ ਜੋ ਡਰਾਈਵਰ ਦੇ ਮਨਾ ਕਰਨ ਦੇ ਬਾਵਜੂਦ ਵੀ ਧੱਕੇ ਨਾਲ ਥਰੀ ਵਹੀਲਰ ਵਿੱਚ ਬੈਠ ਗਈਆਂ ਅਤੇ ਥੋੜਾ ਅੱਗੇ ਜਾ ਕੇ ਉਹ ਥ੍ਹੀ ਵਹੀਲਰ ਰੁਕਵਾ ਕੇ ਉਤਰ ਗਈਆਂ ਅਤੇ ਉਤਰਦੇ ਸਮੇਂ ਉਸ ਨਾਲ ਬੈਠੀ ਔਰਤ ਉਸ ਦੀ ਬਾਂਹ ਵਿੱਚ ਪਾਈ ਸੋਨੇ ਦੀ ਚੂੜੀ ਉਤਾਰਕੇ ਲੈ ਗਈ ਸੀ ਜਦੋਂ ਉਸ ਨੇ ਰੋਲਾ ਪਾਇਆ ਤਾਂ ਉਹ ਤਿੰਨੋਂ ਜਣੀਆਂ ਅੱਗੇ ਖੜੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਈਆਂ। ਜਿਸ ਦੇ ਆਧਾਰ ‘ਤੇ ਮੁੱਖ ਅਫਸਰ ਥਾਣਾ ਫ਼ਤਹਿਗੜ੍ਹ ਸਾਹਿਬ ਨੇ ਉਕਤ ਮੁਕੱਦਮਾ ਦਰਜ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਸੀ ਜਿਸ ਨਾਲ ਸ਼ਹਿਰ ਵਿੱਚ ਕਾਫੀ ਸਹਿਮ ਦਾ ਮਾਹੌਲ ਸੀ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਵੀ ਲਿਆਂਦਾ ਸੀ, ਜਿਸ ‘ਤੇ ਉਨ੍ਹਾਂ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਰਹਿੰਦ ਨੂੰ ਇਸ ਗਿਰੋਹ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਗਏ ਸਨ।
ਐਸ.ਪੀ. ਨੇ ਦੱਸਿਆ ਕਿ ਇੰਸਪੈਕਟਰ ਦਲਬੀਰ ਸਿੰਘ ਨੇ ਇੰਟੈਲੀਜੈਂਸੀ ਅਤੇ ਟੈਕਨੀਕਲ ਤਰੀਕਿਆਂ ਨਾਲ ਗਿਰੋਹ ਦੇ ਮੈਂਬਰਾਂ ਦੀ ਭਾਲ ਸ਼ੁਰੂ ਕੀਤੀ ਅਤੇ ਮੁਕੱਦਮੇ ਨਾਲ ਸਬੰਧਤ ਚੈਨ ਸਨੈਚਰ ਅਤੇ ਗਹਿਣੇ ਚੋਰ ਗਿਰੋਹ ਦੀਆਂ ਚਾਰ ਔਰਤਾਂ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਪਾਰਕਿੰਗ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਪਾਸੋਂ ਚੋਰੀ ਕੀਤੀ ਹੋਈ ਸੋਨੇ ਦੀ ਚੁੜੀ ਵਜਨ 13 ਗ੍ਰਾਮ ਜਿਸ ਦੀ ਕੀਮਤ ਕਰੀਬ 45 ਹਜਾਰ ਰੁਪਏ ਹੈ ਅਤੇ ਵਾਰਦਾਤ ਵਿੱਚ ਵਰਤੀ ਗਈ ਆਲਟੋ ਕੇ-10 ਕਾਰ ਨੰ: ਪੀ.ਬੀ. 19 ਪੀ-0625 ਬਰਾਮਦ ਕਰਵਾ ਲਈ ਹੈ।ਉਨ੍ਹਾਂ ਦੱਸਿਆ ਕਿ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ।
ਸ. ਰਾਣਾ ਨੇ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਇਹ ਖੁਲਾਸਾ ਹੋਇਆ ਹੈ ਇਹ ਕਈ ਸਾਲਾਂ ਤੋਂ ਮੇਲਿਆਂ, ਗੁਰਦਵਾਰਿਆਂ ਅਤੇ ਭੀੜ ਵਾਲੀਆਂ ਥਾਵਾਂ ਤੋਂ ਚੈਨ ਸਨੈਚਿੰਗ ਅਤੇ ਗਹਿਣੇ ਚੋਰੀ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੈਨ ਸਨੈਚਿੰਗ ਅਤੇ ਗਹਿਣੇ ਚੋਰੀ ਕਰਨ ਤੋਂ ਬਾਅਦ ਇਹ ਆਪਣੀ ਨਿੱਜੀ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਜਾਂਦੀਆਂ ਸਨ ਜੋ ਕਿ ਇਨ੍ਹਾਂ ਦੇ ਡਰਾਈਵਰ ਨੇ ਪਹਿਲਾਂ ਹੀ ਸਾਜਿਸ਼ ਮੁਤਾਬਕ ਸਾਈਡ ‘ਤੇ ਖੜਾਈ ਹੁੰਦੀ ਹੈ ਅਤੇ ਇਸ ਦੇ ਨਾਲ-ਨਾਲ ਇਹ ਨਸ਼ਾ ਵੇਚਣ ਦਾ ਧੰਦਾ ਵੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।























