ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਸਿੱਖ ਕੌਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਭਾਈ ਅਮਰੀਕ ਸਿੰਘ ‘ਤੇ ਹੋਏ ਜਾਨੀ ਹਮਲਿਆਂ ਨਾਲ ਸਬੰਧਤ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ ਦੀ ਧਮਕੀ ਦਾ ਗੰਭੀਰ ਨੋਟਿਸ ਲੈਂਦਿਆਂ ਇਹਨਾਂ ‘ਤੇ ਬਾਦਲਕਿਆਂ ਦੇ ਇਸ਼ਾਰਿਆਂ ਤੇ ਨੱਚਣ ਦਾ ਦੋਸ਼ ਲਾਇਆ ਕਿ ਟਕਸਾਲ ਦੇ ਮੁੱਖੀ ਨੂੰ ਖਿਲਾਫ਼ ਬੋਲਣ ਦੀ ਜੁਰਅਤ ਕਰਨ ਵਾਲ਼ਿਆਂ ਦਾ ਮੁਕਾਬਲਾ ਬਹਿਸ ਕਰਕੇ ਕਰਨਾ ਚਾਹੀਦਾ ਹੈ। ਪ੍ਰਚਾਰ ਕਰਨ ਵਾਲ਼ਿਆਂ ਨੇ ਬਾਦਲਕਿਆਂ ਦੇ ਹੱਕ ਵਿੱਚ ਭੁਗਤਣ ਕਰਕੇ ਹੀ ਹਰਨਾਮ ਸਿੰਘ ਧੁੰਮਾਂ ਦੀ ਵਿਰੋਧਤਾ ਕੀਤੀ ਹੈ।
ਉਹਨਾਂ ਕਿਹਾ ਕਿ ਟਕਸਾਲ ਦੇ ਮੁਖੀ ਨੇ ਟਕਸਾਲ ਦੇ ਮੁਖੀ ਵੱਜੋਂ ਮਾਨਤਾ ਲਈ ਹਮਾਇਤ ਲੈ ਕੇ ਹਰ ਗਲਤ ਨੀਤੀ ਨੂੰ ਬਾਦਲਕਿਆਂ ਮਗਰ ਲੱਗ ਕੇ ਆਪਣੀ ਅਤੇ ਦਮਦਮੀ ਟਕਸਾਲ ਦੀ ਮਾਣ ਮਰਿਆਦਾ ਘਟਾਈ ਹੈ। ਭਾਈ ਰਾਮ ਸਿੰਘ ਸੰਗਰਾਵਾਂ ਜੋ ਕਿ ਬਾਬਾ ਠਾਕੁਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮੁਖੀ ਚੁਣੇ ਗਏ ਹਨ ਨਾਲ਼ ਵੀ ਮਾੜੀ ਕੀਤੀ ਸੀ। ਧੁੰਮਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਾਦਲਕਿਆਂ ਦੀ ਮਿਹਰ ਨਾਲ ਦਮਦਮੀ ਟਕਸਾਲ ਤੇ ਕਬਜ਼ਾ ਕਰ ਲਿਆ ਹੁਣ ਜਨਸੰਘੀਆਂ ਦਾ ਅਸਰ ਪੈ ਗਿਐ ਅਤੇ ਬਾਦਲਕਿਆਂ ਦਾ ਤਾਂ ਪਿਆ ਹੀ ਪਿਆ। ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਕਿਸੇ ਐਰੇ ਗੈਰੇ ਮਗਰ ਲੱਗ ਕੇ ਆਪਣੀ ਕੌਮ ਦੇ ਪ੍ਰਚਾਰਕਾਂ ਖਿਲਾਫ਼ ਨਹੀਂ ਹੋਣਾ ਚਾਹੀਦਾ। ਧੁੰਮਾਂ ਅਤੇ ਉਨ੍ਹਾਂ ਦੇ ਸਾਥੀ ਬਾਦਲਕਿਆਂ ਦੇ ਇਸ਼ਾਰਿਆਂ ਤੇ ਨੱਚ ਰਹੇ ਹਨ ਉਹਨਾਂ ਨੂੰ ਸਿੱਖ ਕੌਮ ਅਤੇ ਸਿੱਖੀ ਪ੍ਰਚਾਰ ਦੀ ਕੋਈ ਪਰਵਾਹ ਨਹੀਂ ਹੈ।