ਸਿਟੀ ਬਿਊਟੀਫੁਲ ਚੰਡੀਗੜ੍ਹ ‘ਚ G20 ਦੀ ਬੈਠਕ ਅੱਜ
ਪੜ੍ਹੋ, ਕਿਹੜੇ ਮੁੱਦੇ ਤੇ ਹੋਵੇਗੀ ਵਿਚਾਰ -ਚਰਚਾ
ਚੰਡੀਗੜ੍ਹ, 30ਜਨਵਰੀ(ਵਿਸ਼ਵ ਵਾਰਤਾ) G20 ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਵਰਕਿੰਗ ਗਰੁੱਪ ਦੀ 2 ਦਿਨਾਂ ਮੀਟਿੰਗ ਅੱਜ ਤੋਂ ਚੰਡੀਗੜ੍ਹ ਵਿੱਚ ਸ਼ੁਰੂ ਹੋਵੇਗੀ। G20 ਸਬੰਧੀ ਵਿਦੇਸ਼ੀ ਮਹਿਮਾਨਾਂ ਦੇ ਸਵਾਗਤ ਲਈ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸ਼ਹਿਰ ਦੇ ਸੁੰਦਰੀਕਰਨ ਅਤੇ ਸਜਾਵਟ ‘ਤੇ ਕਰੀਬ 30 ਲੱਖ ਰੁਪਏ ਖਰਚ ਕੀਤੇ ਹਨ। ਇਸ ਦੇ ਨਾਲ ਹੀ ਕਈ ਸੈਰ-ਸਪਾਟਾ ਸਥਾਨਾਂ ‘ਤੇ ਮੁਰੰਮਤ ਦਾ ਕੰਮ ਵੀ ਕੀਤਾ ਗਿਆ ਹੈ। ਡੈਲੀਗੇਟਾਂ ਨੂੰ ਸ਼ਹਿਰ ਦੇ ਪੰਜ ਤਾਰਾ ਹੋਟਲਾਂ ਵਿੱਚ ਠਹਿਰਾਇਆ ਗਿਆ ਹੈ। ਇਨ੍ਹਾਂ ਵੀਆਈਪੀ ਮਹਿਮਾਨਾਂ ਨੂੰ ਲਿਆਉਣ ਅਤੇ ਛੱਡਣ ਲਈ 72 SUV ਨੂੰ ਕਿਰਾਏ ‘ਤੇ ਲਿਆ ਗਿਆ ਹੈ।
ਦੱਸ ਦਈਏ ਕਿ ਇਹ ਅੰਤਰਰਾਸ਼ਟਰੀ ਵਿੱਤੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਬੈਠਕ ਹੈ। ਇਸ ਦਿਸ਼ਾ ਵਿੱਚ ਵੱਖ-ਵੱਖ ਦੇਸ਼ਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ ਜਾਵੇਗੀ। G20 ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਤੋੋਂ ਇਲਾਵਾ ਬੁਲਾਏ ਗਏ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਇਸ ਦੋ-ਰੋਜ਼ਾ ਬੈਠਕ ‘ਚ ਹਿੱਸਾ ਲੈਣਗੇ। ਜਾਣਕਾਰੀ ਅਨੁਸਾਰ ਇਨ੍ਹਾਂ ਦੀ ਗਿਣਤੀ 100 ਦੇ ਕਰੀਬ ਹੋਵੇਗੀ। ਇਸ ਮੀਟਿੰਗ ਦਾ ਉਦਘਾਟਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਕਰਨਗੇ। ਵਿੱਤ ਮੰਤਰਾਲਾ ਅਤੇ ਭਾਰਤੀ ਰਿਜ਼ਰਵ ਬੈਂਕ ਇਸ ਬੈਠਕ ਨੂੰ ਅੱਗੇ ਵਧਾਉਣਗੇ। ਇਸ ਦੇ ਨਾਲ ਹੀ ਫਰਾਂਸ ਅਤੇ ਕੋਰੀਆ ਵੀ ਇਸ ਵਿੱਚ ਹਿੱਸਾ ਲੈਣਗੇ। ਅੱਜ, ਮੀਟਿੰਗ ਦੇ ਨਾਲ, ਇੱਕ ਹੋਰ G20 ਈਵੈਂਟ ‘ਸੈਂਟਰਲ ਬੈਂਕ ਡਿਜੀਟਲ ਕਰੰਸੀਜ਼: ਅਵਸਰ ਐਂਡ ਚੈਲੇਂਜ’ ਵੀ ਚੱਲੇਗਾ। ਦੱਸ ਦਈਏ ਕਿ ਜੀ-20 ਦੇ ਤਹਿਤ ਵਰਕਿੰਗ ਗਰੁੱਪ ਦੀ ਮਾਰਚ, ਜੂਨ ਅਤੇ ਸਤੰਬਰ ‘ਚ ਵੀ ਬੈਠਕ ਹੋਵੇਗੀ।























