ਦੇਸ਼ ‘ਚ ਫਿਰ ਪੈਰ ਪਸਾਰਨ ਲੱਗਾ ਕੋਰੋਨਾ
ਅੱਜ ਸਾਰੇ ਰਾਜਾਂ ਦੇ ਕੋਵਿਡ ਹੈਲਥ ਸੈਂਟਰਾਂ ‘ਤੇ ਹੋਵੇਗੀ ਮੌਕ ਡਰਿੱਲ
ਚੰਡੀਗੜ੍ਹ, 27ਦਸੰਬਰ(ਵਿਸ਼ਵ ਵਾਰਤਾ)- ਭਾਰਤ ਵਿੱਚ ਕੋਰੋਨਾ ਦੇ ਵਧਦੇ ਖ਼ਤਰੇ ਦੇ ਵਿਚਕਾਰ ਅੱਜ ਦੇਸ਼ ਭਰ ਵਿੱਚ ਕੋਵਿਡ ਹੈਲਥ ਸੈਂਟਰਾਂ ਵਿੱਚ ਮੌਕ ਡਰਿੱਲ ਕਰਵਾਈਆਂ ਜਾਣਗੀਆਂ। ਇਸ ਦੌਰਾਨ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਅਤੇ ਵੈਂਟੀਲੇਟਰਾਂ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾਵੇਗਾ। ਇਸ ਸਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਹਨਾਂ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਸਫਦਰਜੰਗ ਹਸਪਤਾਲ ਜਾ ਕੇ ਮੌਕ ਡਰਿੱਲ ਦਾ ਜਾਇਜ਼ਾ ਲੈਣਗੇ। ਦੱਸ ਦੱਈਏ ਕਿ ਦੇਸ਼ ਭਰ ਵਿੱਚ ਹੋਣ ਵਾਲੀ ਇਸ ਮੌਕ ਡਰਿੱਲ ਵਿੱਚ ਸਾਰੇ ਰਾਜਾਂ ਦੇ ਸਿਹਤ ਮੰਤਰੀ ਵੀ ਹਿੱਸਾ ਲੈਣਗੇ। ਇਸ ਦੇ ਨਾਲ ਹੀ IMA ਨੇ ਵੀ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ 2020-21 ਵਿਚ ਇਨ੍ਹਾਂ ਚੀਜ਼ਾਂ ਦੀ ਭਾਰੀ ਕਮੀ ਸੀ। ਅਜਿਹੇ ‘ਚ ਕੇਂਦਰ ਸਰਕਾਰ ਇਨ੍ਹਾਂ ਪ੍ਰਬੰਧਾਂ ਨੂੰ ਮਜ਼ਬੂਤ ਰੱਖਣਾ ਚਾਹੁੰਦੀ ਹੈ।
ਗੌਰਤਲਬ ਹੈ ਕਿ ਹੁਣ ਤੱਕ ਭਾਰਤ ਆਏ 15 ਵਿਦੇਸ਼ੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਬਿਹਾਰ ਦੇ ਗਯਾ ਹਵਾਈ ਅੱਡੇ ‘ਤੇ ਥਾਈਲੈਂਡ ਦੇ 9, ਮਿਆਂਮਾਰ ਦੇ ਇਕ ਅਤੇ ਇੰਗਲੈਂਡ ਦੇ ਇਕ ਯਾਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ ‘ਤੇ ਮਿਆਂਮਾਰ ਦੇ 4 ਵਿਦੇਸ਼ੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਾਰੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ। ਕੋਲਕਾਤਾ ਹਵਾਈ ਅੱਡੇ ‘ਤੇ ਵੀ 2 ਕੋਵਿਡ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਹ ਦੋਵੇਂ ਭਾਰਤੀ ਹਨ। ਇਨ੍ਹਾਂ ‘ਚੋਂ ਇਕ 24 ਦਸੰਬਰ ਨੂੰ ਦੁਬਈ ਤੋਂ ਆਇਆ ਸੀ, ਜਦਕਿ ਦੂਜਾ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਆਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦੇਸ਼ ਵਿੱਚ 196 ਨਵੇਂ ਕੇਸ ਆਏ, ਜਦੋਂ ਕਿ 191 ਮਰੀਜ਼ ਠੀਕ ਹੋ ਗਏ, ਜਦੋਂ ਕਿ 2 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ।























