ਮੋਹਾਲੀ ‘ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੀਤੀ ਖੁਦਕੁਸ਼ੀ
ਮੋਹਾਲੀ, 25 ਦਸੰਬਰ(ਵਿਸ਼ਵ ਵਾਰਤਾ)-ਮੋਹਾਲੀ ‘ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਪੂਰੇ ਪਰਿਵਾਰ ਦੀ ਮੌਤ ਘਰੇਲੂ ਝਗੜੇ ਕਾਰਨ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੇਵਾਮੁਕਤ ਐਸਡੀਓ ਸੁਰਿੰਦਰ ਸ਼ਰਮਾ (55), ਉਸ ਦੀ ਪਤਨੀ ਅੰਜਨਾ ਸ਼ਰਮਾ (50) ਅਤੇ ਪੁੱਤਰ ਪੁਲਕਿਤ ਸ਼ਰਮਾ (25) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਸ਼ਰਮਾ ਹਰਿਆਣਾ ਬਿਜਲੀ ਬੋਰਡ ਤੋਂ ਐਸ.ਡੀ.ਓ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਫਿਲਹਾਲ ਉਹ ਕੈਮੀਕਲ ਦਾ ਕਾਰੋਬਾਰ ਕਰ ਰਿਹਾ ਸੀ। ਬੇਟਾ ਪੁਲਕਿਤ ਵੀ ਪ੍ਰਾਈਵੇਟ ਨੌਕਰੀ ਕਰਦਾ ਸੀ। ਬੀਤੇ ਦਿਨ ਸੁਰੇਸ਼ ਸ਼ਰਮਾ ਨੇ ਘਰੇਲੂ ਕਲੇਸ ਤੋਂ ਤੰਗ ਆ ਕੇ ਜ਼ਹਰੀਲੀ ਚੀਜ਼ ਪੀ ਲਈ। ਜਦੋਂ ਪਤਾ ਘਰ ਵਿੱਚ ਮੌਜੂਦ ਉਸਦੀ ਪਤਨੀ ਤੇ ਬੇਟੇ ਨੂੰ ਲੱਗਿਆ ਤਾਂ ਉਹ ਉਨ੍ਹਾਂ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿੱਚ ਲੈ ਗਏ, ਜਿੱਥੇ ਡਾਕਟਰਾਂ ਨੇ ਸੁਰੇਸ਼ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਤੋਂ ਬਾਅਦ ਪਤਨੀ ਅਤੇ ਬੇਟਾ ਘਰ ਚਲੇ ਗਏ ਅਤੇ ਰਾਤ ਨੂੰ ਅੰਜ਼ਨਾ ਸ਼ਰਮਾ ਅਤੇ ਪੁਲਕਿਤ ਨੇ ਵੀ ਕੈਮੀਕਲ ਪੀ ਕੇ ਜਾਨ ਦੇ ਦਿੱਤੀ। ਘਟਨਾ ਸਮੇਂ ਘਰ ਵਿੱਚ ਕੋਈ ਨਹੀਂ ਸੀ। ਕੁਝ ਸਮੇਂ ਬਾਅਦ ਜਦੋਂ ਗੁਆਢੀ ਸੁਰੇਸ਼ ਦੀ ਮੌਤ ਦਾ ਅਫਸੋਸ ਕਰਨ ਪਹੁੰਚੇ ਤਾਂ ਆਵਾਜ਼ ਲਗਾਉਣ ਉਤੇ ਕੋਈ ਘਰੋਂ ਬਾਹਰ ਨਹੀਂ ਆਇਆ, ਜਦੋਂ ਘਰ ਦਾ ਮੁੱਖ ਗੇਟ ਖੁੱਲ੍ਹਾ ਪਿਆ ਸੀ।ਗੁਆਂਢੀਆਂ ਨੇ ਜਦੋਂ ਘਰ ਅੰਦਰ ਜਾ ਕੇ ਦੇਖਿਆ ਤਾਂ ਮਾਂ ਬੇਟਾ ਜ਼ਮੀਨ ਉਤੇ ਡਿੱਗੇ ਹੋਏ ਸਨ ਅਤੇ ਕੋਲ ਇਕ ਕੈਮੀਕਲ ਦੀ ਬੋਤਲ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਲਾਸ਼ਾਂ ਕਬਜ਼ੇ ਵਿੱਚ ਲੈ ਸਰਕਾਰੀ ਹਸਪਤਾਲ ਭੇਜ ਦਿੱਤੀਆਂ।























