ਅੰਮ੍ਰਿਤਸਰ ‘ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁੱਠਭੇੜ, ਇੱਕ ਗ੍ਰਿਫਤਾਰ
ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ)ਅੰਮ੍ਰਿਤਸਰ ਦੇ ਬਸੰਤ ਨਗਰ ਦੇ ਰਹਿਣ ਵਾਲੇ ਰਿੰਕੂ ਪਹਿਲਵਾਨ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਦੀ ਸ਼ੁੱਕਰਵਾਰ ਦੇਰ ਰਾਤ ਏਅਰਪੋਰਟ ਰੋਡ ‘ਤੇ ਪੁਲਿਸ ਨਾਲ ਝੜਪ ਹੋ ਗਈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ। ਪੁਲੀਸ ਵੱਲੋਂ ਫੜੇ ਜਾਣ ਮਗਰੋਂ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਵਾਬੀ ਗੋਲੀਬਾਰੀ ‘ਚ ਇਕ ਕਾਂਸਟੇਬਲ ਵੀ ਜ਼ਖਮੀ ਹੋ ਗਿਆ ਜਦਕਿ ਦੂਜਾ ਗੈਂਗਸਟਰ ਭੱਜਣ ‘ਚ ਕਾਮਯਾਬ ਹੋ ਗਿਆ। ਪੁਲਿਸ ਅਧਿਕਾਰੀ ਹਸਪਤਾਲ ‘ਚ ਹੀ ਜ਼ਖਮੀ ਗੈਂਗਸਟਰ ਤੋਂ ਜਾਣਕਾਰੀ ਹਾਸਲ ਕਰਨ ‘ਚ ਲੱਗੇ ਹੋਏ ਹਨ। ਮਜੀਠਾ ਰੋਡ ਸਥਿਤ ਬਸੰਤ ਨਗਰ ਦੇ ਰਹਿਣ ਵਾਲੇ ਰਿੰਕੂ ਪਹਿਲਵਾਨ ਨੂੰ 20 ਦਸੰਬਰ ਦੀ ਰਾਤ 8:30 ਵਜੇ 20 ਲੱਖ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ। ਕਾਲ ਦੇ ਦੋ ਘੰਟੇ ਬਾਅਦ ਦੋ ਬਾਈਕ ਸਵਾਰ ਨੌਜਵਾਨਾਂ ਨੇ ਰਿੰਕੂ ਦੇ ਘਰ ਦੇ ਸਾਹਮਣੇ ਫਾਇਰਿੰਗ ਕਰ ਦਿੱਤੀ। ਸ਼ਿਕਾਇਤ ਤੋਂ ਬਾਅਦ ਪੁਲਿਸ ਨੰਬਰ ‘ਤੇ ਨਜ਼ਰ ਰੱਖ ਰਹੀ ਸੀ ਅਤੇ ਮੋਬਾਇਲ ਨੰਬਰ ਦੀ ਲੋਕੇਸ਼ਨ ਸ਼ੁੱਕਰਵਾਰ ਦੇਰ ਰਾਤ ਏਅਰਪੋਰਟ ਰੋਡ ‘ਤੇ ਮਿਲੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਇਸੇ ਦੌਰਾਨ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁੱਠਭੇੜ ਹੋ ਗਈ।























