ਪੰਜਾਬ ‘ਚ ਫਿਰ ਦਾਖਲ ਹੋਇਆ ਪਾਕਿਸਤਾਨੀ ਡਰੋਨ
ਬੀ.ਐੱਸ.ਐੱਫ. ਨੇ ਲਗਾਤਾਰ ਤੀਜੇ ਦਿਨ ਡਰੋਨ ਨੂੰ ਡੇਗਣ ‘ਚ ਸਫਲਤਾ ਕੀਤੀ ਹਾਸਿਲ :ਸਰਚ ਮੁਹਿੰਮ ਜਾਰੀ
ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ)-ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨੀ ਤਸਕਰ ਲਗਾਤਾਰ ਭਾਰਤੀ ਸਰਹੱਦ ‘ਤੇ ਡਰੋਨ ਭੇਜ ਰਹੇ ਹਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਲਗਾਤਾਰ ਤੀਜੇ ਦਿਨ ਡਰੋਨ ਨੂੰ ਡੇਗਣ ‘ਚ ਸਫਲਤਾ ਹਾਸਲ ਕੀਤੀ ਹੈ। ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਬੀਓਪੀ ਪੁਲ ਮੌਰਾਂ ਇਲਾਕੇ ਨੂੰ ਸੀਲ ਕਰਕੇ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 7.45 ਵਜੇ ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਸਰਹੱਦ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਮੁਤਾਬਕ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਦੀਆਂ ਗੋਲੀਆਂ ਡਰੋਨ ਨੂੰ ਹੇਠਾਂ ਲਿਆਉਣ ‘ਚ ਸਫਲ ਰਹੀਆਂ। ਡਰੋਨ ਦੇ ਟੁਕੜੇ ਖੇਤਾਂ ਵਿੱਚ 50 ਮੀਟਰ ਦੇ ਖੇਤਰ ਵਿੱਚ ਖਿੱਲਰੇ ਹੋਏ ਸਨ। ਜਿਸ ਨੂੰ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਬੀਐਸਐਫ ਅਧਿਕਾਰੀਆਂ ਮੁਤਾਬਕ ਡਿੱਗਿਆ ਡਰੋਨ ਬਹੁਤ ਵੱਡਾ ਅਤੇ ਦਿੱਖ ਵਿੱਚ ਵੱਖਰਾ ਹੈ। ਫਿਲਹਾਲ ਇਸ ਨੂੰ ਜ਼ਬਤ ਕਰਕੇ ਜਾਂਚ ਲਈ ਭੇਜਿਆ ਜਾ ਰਿਹਾ ਹੈ, ਤਾਂ ਜੋ ਇਸ ਦੇ ਫਲਾਇੰਗ ਰਿਕਾਰਡ ਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਉਸ ਵੱਲੋਂ ਸੁੱਟੀ ਗਈ ਖੇਪ ਦਾ ਪਤਾ ਲਗਾਇਆ ਜਾ ਸਕੇ।























