ਚੰਡੀਗੜ੍ਹ, 1 ਮਈ (ਵਿਸ਼ਵ ਵਾਰਤਾ)- ‘‘ਜੇਲ੍ਹਾਂ ਅੰਦਰ ਕੋਈ ਸੁਪਰਡੈਂਟ ਤੋਂ ਬਿਨਾਂ ਕੋਈ ਵੀ ਜੇਲ੍ਹ ਅਧਿਕਾਰੀ ਜਾਂ ਮੁਲਾਜ਼ਮ ਹੁਣ ਮੋਬਾਈਲ ਨਹÄ ਲਿਜਾ ਸਕੇਗਾ। ਇਸ ਤੋਂ ਇਲਾਵਾ ਤਕਨਾਲੋਜੀ ਦੇ ਦੌਰ ਵਿੱਚ ਜੇਲ੍ਹਾਂ ਨੂੰ ਆਧੁਨਿਕ ਸਾਧਨਾਂ ਨਾਲ ਲੈਸ ਕਰਨ ਲਈ 4ਜੀ ਜੈਮਰ ਲਗਾਉਣ ਦੀ ਤਜਵੀਜ਼ ਪ੍ਰਵਾਨਗੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਹੈ ਅਤੇ ਸਮੁੱਚੇ ਸਰੀਰ ਦੀ ਸਕੈਨਿੰਗ ਕਰਨ ਵਾਲੇ ਸਕੈਨਰਾਂ ਨੂੰ ਵੀ ਸਥਾਪਤ ਕਰਨ ਉਪਰ ਵਿਚਾਰ ਕੀਤਾ ਜਾ ਰਿਹਾ ਹੈ।’’ ਇਹ ਖੁਲਾਸਾ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਸੈਕਟਰ 35 ਸਥਿਤ ਮਾਰਕਫੈਡ ਭਵਨ ਵਿਖੇ ਵਿਭਾਗ ਦੀ ਉਚ ਪੱਧਰੀ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ. ਰੰਧਾਵਾ ਨੇ ਦੱਸਿਆ ਕਿ ਅੱਜ ਜੇਲ੍ਹਾਂ ਦੀ ਸੁਰੱਖਿਆ ਦੀ ਸਮੀਖਿਆ, ਕਮੀਆਂ ਨੂੰ ਜਾਣਨ ਅਤੇ ਸੁਧਾਰਾਂ ਨੂੰ ਲਾਗੂ ਕਰਨ ਸਬੰਧੀ ਵਿਭਾਗ ਦੀ ਮੀਟਿੰਗ ਕੀਤੀ ਜਿਸ ਵਿੱਚ ਵਿਭਾਗ ਦੇ ਉਚ ਅਧਿਕਾਰੀਆਂ ਦੇ ਨਾਲ ਸਮੂਹ ਜੇਲ੍ਹਾਂ ਦੇ ਸੁਪਰਡੈਂਟ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਉਪਰੰਤ ਉਨ੍ਹਾਂ ਫੈਸਲਾ ਕੀਤਾ ਹੈ ਕਿ ਜੇਲ੍ਹਾਂ ਨੂੰ ਆਧੁਨਿਕ ਸੰਚਾਰ ਸਾਧਨਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਈ ਜਾਵੇ ਅਤੇ ਜੇਲ੍ਹਾਂ ਨੂੰ ਲੋੜÄਦੇ ਸਟਾਫ ਨਾਲ ਲੈਸ ਕਰਨ ਲਈ ਨਵੇਂ ਸਟਾਫ ਦੀ ਭਰਤੀ ਕੀਤੀ ਜਾਵੇ ਜਿਸ ਨੂੰ ਬਹੁਤ ਜਲਦ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 4ਜੀ ਜੈਮਰ ਦੀ ਪ੍ਰਵਾਨਗੀ ਲਈ ਲਈ ਕੇਂਦਰ ਦੇ ਗ੍ਰਹਿ, ਇੰਟੈਲੀਜੈਂਸੀ ਵਿੰਗ ਤੇ ਰੱਖਿਆ ਮੰਤਰਾਲੇ ਕੋਲ ਕੇਸ ਭੇਜਣਾ ਹੁੰਦਾ ਹੈ ਅਤੇ ਇਸ ਦੀ ਪ੍ਰਵਾਗੀ ਮਿਲਣ ਉਪਰੰਤ 4ਜੀ ਜੈਮਰ ਸਥਾਪਤ ਹੋ ਜਾਣਗੇ ਜਿਸ ਨਾਲ ਜੇਲ੍ਹਾਂ ਅਤਿ-ਆਧੁਨਿਕ ਸੰਚਾਰ ਸਾਧਨਾਂ ਨਾਲ ਲੈਸ ਹੋ ਜਾਣਗੀਆਂ। ਜੇਲ੍ਹ ਵਿਭਾਗ ਵੱਲੋਂ ਜਲਦੀ ਹੀ 10 ਸੂਹੀਆ ਕੁੱਤੇ ਸੁਰੱਖਿਆ ਵਿੰਗ ਵਿੱਚ ਸ਼ਾਮਲ ਕੀਤੇ ਜਾਣਗੇ।
ਸ. ਰੰਧਾਵਾ ਨੇ ਦੱਸਿਆ ਕਿ ਸਾਲ 2017 ਦੌਰਾਨ ਜੇਲ੍ਹਾਂ ਅੰਦਰ 1500 ਮੋਬਾਈਲ ਕੈਦੀਆਂ ਕੋਲੋ ਬਰਾਮਦ ਕੀਤੇ ਗਏ ਹਨ ਜੋ ਕਿ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਵਧੀਕ ਮੁੱਖ ਸਕੱਤਰ ਗ੍ਰਹਿ ਸਾਰੇ ਜ਼ਿਲਿ੍ਹਆਂ ਦੇ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦੇਣਗੇ ਕਿ ਮੋਬਾਈਲ ਬਰਾਮਦ ਵਾਲੇ ਕੇਸਾਂ ਦੀ ਡੂੰਘਾਈ ਅਤੇ ਸਿੱਟੇ ਤੱਕ ਪਹੁੰਚਣ ਲਈ ਪੂਰੀ ਤਫਤੀਸ਼ ਕੀਤੀ ਜਾਵੇ ਅਤੇ ਕੈਦੀਆਂ ਨੂੰ ਰਿਮਾਂਡ ਵਿੱਚ ਲੈ ਕੇ ਪੁੱਛਗਿੱਛ ਕਰ ਕੇ ਇਹ ਪਤਾ ਲਗਾਇਆ ਜਾਵੇ ਕਿ ਉਨ੍ਹਾਂ ਨੂੰ ਇਹ ਮੋਬਾਈਲ ਕਿਸ ਨੇ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਜੇਲ੍ਹ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਨਵੇਂ ਸਟਾਫ ਦੀ ਭਰਤੀ ਬਾਰੇ ਬੋਲਦਿਆਂ ਜੇਲ੍ਹ ਮੰਤਰੀ ਨੇ ਕਿਹਾ ਕਿ ਬੀਤੇ ਦਿਨÄ ਪਾਸਿੰਗ ਆਊਟ ਪਰੇਡ ਵਿੱਚ 150 ਜੇਲ੍ਹ ਸਟਾਫ ਭਰਤੀ ਹੋਇਆ ਜਦੋਂ ਕਿ 375 ਸਟਾਫ ਦਾ ਬੈਚ ਇਸ ਮਹੀਨੇ ਪਾਸ ਹੋਵੇਗਾ। 210 ਵਾਰਡਨਾਂ ਅਤੇ 57 ਮੇਟਰਨ (ਮਹਿਲਾ ਸਿਪਾਹੀ) ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਜਦੋਂ ਕਿ ਆਉਂਦੇ ਸਮੇਂ ਵਿੱਚ 420 ਹੋਰ ਸਟਾਫ ਦੀ ਭਰਤੀ ਲਈ ਮੁੱਖ ਮੰਤਰੀ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਦੇ 10 ਡਿਪਟੀ ਸੁੁਪਰਡੈਂਟਾਂ ਦੀ ਭਰਤੀ ਲਈ ਪੀ.ਪੀ.ਐਸ.ਸੀ. ਅਤੇ 38 ਸਹਾਇਕ ਸੁਪਰਡੈਂਟਾਂ ਦੀ ਭਰਤੀ ਲਈ ਐਸ.ਐਸ. ਬੋਰਡ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਹੋਣ ’ਤੇ ਜੇਲ੍ਹਾਂ ਅੰਦਰ ਲੋੜÄਦਾ ਸਟਾਫ ਪੂਰਾ ਹੋ ਜਾਵੇਗਾ।
ਜੇਲ੍ਹ ਮੰਤਰੀ ਨੇ ਦੱਸਿਆ ਕਿ ਜਿਹੜੇ ਕੈਦੀ ਪੜ੍ਹਾਈ ਦੇ ਇਛੁੱਕ ਹਨ, ਉਨ੍ਹਾਂ ਲਈ ਢੁੱਕਵਾਂ ਮਾਹੌਲ ਦਿੱਤਾ ਜਾਵੇਗਾ ਅਤੇ ਪੜ੍ਹਾਈ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰ ਕੈਦੀਆਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਮੁੱਖਤਾ ਦਿੱਤੀ ਜਾਵੇਗੀ ਜਿਸ ਲਈ ਉਹ ਸਿਹਤ ਵਿਭਾਗ ਤੋਂ ਮੰਗ ਕਰਨਗੇ ਕਿ ਜੇਲ੍ਹਾਂ ਅੰਦਰ ਮਾਹਿਰ ਡਾਕਟਰ ਪੱਕੇ ਤੌਰ ’ਤੇ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਕੈਦੀਆਂ ਲਈ ਸਿਹਤ ਬੀਮਾ ਯੋਜਨਾ ਲਿਆਉਣ ਦੀ ਯੋਜਨਾ ’ਤੇ ਵੀ ਵਿਚਾਰ ਕੀਤਾ ਜਾਵੇਗਾ। ਮੌਜੂਦਾ ਸਮੇਂ ਜੇਲ੍ਹ ਵਿਭਾਗ ਸਿਹਤ ਮਹਿਕਮੇ ਤੋਂ ਦਵਾਈਆਂ ਖਰੀਦ ਕੇ ਕੈਦੀਆਂ ਨੂੰ ਮੁਫਤ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਲ੍ਹਾਂ ਵਿੱਚ ਕਈ ਕੈਦਾਂ ਗੰਭੀਰ ਰੋਗਾਂ ਨਾਲ ਪੀੜਤ ਹਨ ਜਿਨ੍ਹਾਂ ਦੇ ਇਲਾਜ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ 651 ਕੈਦੀ ਐਚ.ਆਈ.ਵੀ. ਪੀੜਤ ਹਨ।
ਜੇਲ੍ਹਾਂ ਅੰਦਰ ਕੈਦੀਆਂ ਦੀ ਸਮਰੱਥਾ ਅਤੇ ਕੈਦੀਆਂ ਦੀ ਗਿਣਤੀ ਦੇ ਅਨੁਪਾਤ ਬਾਰੇ ਪੁੱਛੇ ਜਾਣ ’ਤੇ ਸ. ਰੰਧਾਵਾ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਦੀ ਸਮਰੱਥਾ 23218 ਹੈ ਜਦੋਂ ਕਿ ਕੈਦੀਆਂ ਦੀ ਗਿਣਤੀ 22375 ਹਨ। ਉਨ੍ਹਾਂ ਅੱਗੇ ਵੇਰਵੇ ਦਿੰਦਿਆਂ ਦੱਸਿਆ ਕਿ 1119 ਮਹਿਲਾ ਕੈਦੀ ਅਤੇ 132 ਵਿਦੇਸ਼ੀ ਨਾਗਰਿਕ ਹਨ। ਜੇਲ੍ਹਾਂ ਵਿੱਚ ਕੁੱਲ 13000 ਟਰਾਇਲ ਅਧੀਨ ਹਨ ਅਤੇ 132 ਵਿਦੇਸ਼ੀ ਕੈਦੀਆਂ ਵਿੱਚੋਂ 34 ਸਜ਼ਾਯਾਫਤਾ ਅਤੇ 98 ਟਰਾਇਲ ਅਧੀਨ ਹਨ। ਐਨ.ਡੀ.ਪੀ.ਐਸ. ਐਕਟ ਅਧੀਨ ਕੈਦੀਆਂ ਦੀ ਗਿਣਤੀ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ 40 ਫੀਸਦੀ ਦੇ ਕਰੀਬ ਕੈਦੀ ਐਨ.ਡੀ.ਪੀ.ਐਸ. ਐਕਟ ਅਧੀਨ ਕੈਦ ਹਨ। ਉਨ੍ਹਾਂ ਦੱਸਿਆ ਕਿ ਗੋਇੰਦਵਾਲ ਸਾਹਿਬ ਵਿਖੇ 194 ਕਰੋੜ ਰੁਪਏ ਦੀ ਲਾਗਤ ਵਾਲੀ ਨਵÄ ਜੇਲ੍ਹ ਉਸਾਰੀ ਅਧੀਨ ਹੈ ਜਿਸ ਦਾ 60 ਫੀਸਦੀ ਨਿਰਮਾਣ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ 90 ਕੈਦੀ ਸੰਗੀਨ ਅਪਰਾਧਾਂ ਵਾਲੇ ਹਨ ਜਿਨ੍ਹਾਂ ਨੂੰ ਉਚ ਸਰੁੱਖਿਆ ਜ਼ੋਨ ਵਿੱਚ ਰੱਖਿਆ ਗਿਆ ਹੈ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਗ੍ਰਹਿ ਸ੍ਰੀ ਨਿਰਮਲਜੀਤ ਸਿੰਘ ਕਲਸੀ, ਏ.ਡੀ.ਜੀ.ਪੀ. ਜੇਲ੍ਹਾਂ ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ, ਆਈ.ਜੀ. ਜੇਲ੍ਹਾਂ ਸ੍ਰੀ ਆਰ.ਕੇ.ਅਰੋੜਾ, ਜੇਲ੍ਹਾਂ ਦੀਆਂ ਰੇਂਜਾਂ ਦੇ ਡੀ.ਆਈ.ਜੀ. ਸ੍ਰੀ ਸੁਰਿੰਦਰ ਸਿੰਘ ਸੈਣੀ ਤੇ ਕੈਪਟਨ ਲਖਮਿੰਦਰ ਸਿੰਘ ਜਾਖੜ ਸਮੇਤ ਸਾਰੀਆਂ ਜੇਲ੍ਹਾਂ ਦੇ ਸੁਪਰਡੈਂਟ ਹਾਜ਼ਰ ਸਨ।