ਗੰਨ ਕਲਚਰ ਤੇ ਨਕੇਲ ਕੱਸਣ ਦਾ ਮਾਮਲਾ!
ਪੰਜਾਬ ਪੁਲਿਸ ਨੇ 10 ਸਾਲਾ ਬੱਚੇ ਖਿਲਾਫ ਐਫਆਈਆਰ ਕੀਤੀ ਦਰਜ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਅੰਮ੍ਰਿਤਸਰ ਵਿ4ਚ ਇਕ 10 ਸਾਲ ਦੇ ਬੱਚੇ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਨਾਬਾਲਗ ਹੋਣ ਕਾਰਨ ਅੰਮ੍ਰਿਤਸਰ ਦਿਹਾਤੀ ਪੁਲਿਸ ਫਿਲਹਾਲ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਸ ਨੇ ਬੱਚੇ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਦੋ ਹੋਰਨਾਂ ਖਿਲਾਫ ਵੀ ਇਹਨਾਂ ਦੋਸ਼ਾਂ ਤਹਿਤ ਹੀ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੱਥੂਨੰਗਲ ਥਾਣੇ ਵਿੱਚ ਇੱਕ 10 ਸਾਲ ਦੇ ਬੱਚੇ ਉੱਤੇ ਹੋਇਆ ਹੈ। ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਆਪਣੇ ਬੇਟੇ ਦੀ ਬੰਦੂਕ ਲੈ ਕੇ ਖੜ੍ਹੇ ਅਤੇ ਮੋਢਿਆਂ ‘ਤੇ ਗੋਲੀਆਂ ਦਾ ਪੱਟਾ ਬੰਨ੍ਹੀ ਖੜ੍ਹੋ ਹੋਏ ਦੀ ਫੋਟੋ ਪੋਸਟ ਕੀਤੀ ਸੀ। ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਕਤ ਫੋਟੋ ਲਗਭਗ 7 ਸਾਲ ਪੁਰਾਣੀ ਹੈ। ਇਹ ਫੋਟੋ ਪੁਲਸ ਦੇ ਸਾਈਬਰ ਸੈੱਲ ਦੀ ਨਜ਼ਰ ‘ਚ ਆ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਬੱਚੇ, ਉਸਦੇ ਪਿਤਾ ਭੁਪਿੰਦਰ ਨੂੰ ਟਰੇਸ ਕਰ ਲਿਆ।ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀਂ ਹੀ ਪੰਜਾਬ ਦੇ ਸੋਸ਼ਲ ਮੀਡੀਆ ਤੇ ਮਸ਼ਹੂਰ ਕੁੱਲਹੜ ਪੀਜ਼ਾ ਜੋੜੇ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।























