ਚੰਡੀਗੜ੍ਹ, 26 ਅਪਰੈਲ (ਵਿਸ਼ਵ ਵਾਰਤਾ)- ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਸਾਲ 2018-19 ਲਈ ਸਕੂਲਾਂ ਦੇ ਖੇਡ ਵਿੰਗ ਲਈ 4000 ਖਿਡਾਰੀ ਤੇ ਖਿਡਾਰਨਾਂ ਨੂੰ ਦਾਖਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਖੇਡ ਵਿਭਾਗ ਨੇ ਸੈਸ਼ਨ ਸ਼ੁਰੂ ਹੁੰਦਿਆਂ ਹੀ ਖੇਡ ਵਿੰਗਾਂ ਦੇ ਖਿਡਾਰੀਆਂ ਦੀ ਟਰਾਇਲ ਪ੍ਰਕਿਰਿਆ ਮੁਕੰਮਲ ਕਰ ਕੇ ਦਾਖਲੇ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣ ਟਰਾਇਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਏ ਗਏ ਅਤੇ ਅਪਰੈਲ ਮਹੀਨੇ ਵਿੱਚ ਹੀ ਖਿਡਾਰੀਆਂ ਨੂੰ ਦਾਖਲ ਕਰ ਕੇ ਖੁਰਾਕ ਸ਼ੁਰੂ ਕਰ ਦਿੱਤੀ ਗਈ ਹੈ। ਖੇਡ ਮੰਤਰੀ ਨੇ ਇਸ ਲਈ ਵਿਭਾਗ ਦੇ ਅਧਿਕਾਰੀਆਂ ਅਤੇ ਕੋਚਾਂ ਨੂੰ ਮੁਬਾਰਕਬਾਦ ਦਿੱਤੀ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰਾਣਾ ਸੋਢੀ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਸਾਲ 2018-19 ਦੇ ਸੈਸ਼ਨ ਲਈ ਸਕੂਲਾਂ ਦੇ ਖੇਡ ਵਿੰਗਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਇਸ ਸਾਲ ਜਨਵਰੀ ਮਹੀਨੇ ਹੀ ਟਰਾਇਲ ਕਰਵਾਏ ਗਏ ਸਨ। ਇਨ੍ਹਾਂ ਟਰਾਇਲਾਂ ਵਿੱਚ ਚੁਣੇ ਗਏ 4000 ਖਿਡਾਰੀ ਤੇ ਖਿਡਾਰਨਾਂ ਨੂੰ ਜ਼ਿਲ੍ਹਿਆਂ ਦੇ ਸਕੂਲ ਦੇ ਖੇਡ ਵਿੰਗਾਂ ਵਿੱਚ ਦਾਖਲ ਕਰ ਲਿਆ ਗਿਆ ਹੈ।
ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜਾਂ ਦੇ ਖੇਡ ਵਿੰਗਾਂ ਵਿੱਚ ਵੀ ਦਾਖਲੇ ਇਸ ਸਾਲ ਜੁਲਾਈ ਮਹੀਨੇ ਸੈਸ਼ਨ ਸ਼ੁਰੂ ਹੁੰਦਿਆਂ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਾਲਜਾਂ ਦੇ ਵਿੰਗਾਂ ਲਈ ਟਰਾਇਲ ਜੂਨ ਮਹੀਨੇ ਕਰਵਾਏ ਜਾਣਗੇ।