ਹੁਣ ਸ਼ਿਵ ਸੈਨਾ ਦੇ ਇਸ ਵੱਡੇ ਆਗੂ ਨੂੰ ਵਿਦੇਸ਼ਾਂ ਤੋਂ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ
ਚੰਡੀਗੜ੍ਹ, 7ਨਵੰਬਰ(ਵਿਸ਼ਵ ਵਾਰਤਾ)-ਪੰਜਾਬ ‘ਚ ਹਿੰਦੂ ਨੇਤਾ ਸੂਧੀਰ ਸੂਰੀ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਹੁਣ ਸ਼ਿਵ ਸੈਨਾ ਦੇ ਇਕ ਹੋਰ ਵੱਡੇ ਨੇਤਾ ਨੂੰ ਵਿਦੇਸ਼ ਤੋਂ ਵਟਸਐਪ ਕਾਲ ‘ਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਸ ਦੇ ਨਾਲ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ। ਜਿਸ ਦੀ ਸੂਚਨਾ ਡੀਜੀਪੀ ਨੂੰ ਭੇਜ ਦਿੱਤੀ ਗਈ ਹੈ।
ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਦੀ ਜਾਨ ਨੂੰ ਖਤਰਾ ਬਣ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਕੱਟੜਪੰਥੀ ਸੋਚ ਵਾਲੇ ਨੌਜਵਾਨ ਨੇ ਹਿੰਦੂਤਵ ਵਿਚਾਰਧਾਰਾ ਦੀ ਗੱਲ ਕਰਨ ਵਾਲੇ ਸੰਜੀਵ ਘਨੌਲੀ ਨੂੰ ਅਗਲਾ ਨਿਸ਼ਾਨਾ ਹੋਣ ਦੀ ਧਮਕੀ ਦਿੱਤੀ ਹੈ। ਅੱਜ ਕਰੀਬ 3 ਵਜੇ ਵਟਸਐਪ ‘ਤੇ 3ਵਾਰ ਆਈ ਕਾਲ ਵਿੱਚ ਸੰਜੀਵ ਘਨੌਲੀ ਨੂੰ ਅਗਲਾ ਨਿਸ਼ਾਨਾ ਕਹਿੰਦ ਹੋਏ ਕਿਹਾ ਗਿਆ ਕਿ ਅੰਮ੍ਰਿਤਸਰ ‘ਚ ਸੁਧੀਰ ਸੂਰੀ ਵਾਂਗ ਉਸ ਨੂੰ ਅਤੇ ਉਸ ਦੀ ਸੰਸਥਾ ਨਾਲ ਜੁੜੇ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਅਤੇ ਸਚਿਨ ਘਨੌਲੀ ਨੂੰ ਵੀ ਮਾਰ ਦਿੱਤਾ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਸੰਜੀਵ ਘਨੌਲੀ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ‘ਜੈ ਸ਼੍ਰੀ ਰਾਮ’ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਧਮਕੀਆਂ ਦਿੰਦੇ ਹੋਏ ਕਿਹਾ ਕਿ ਇਸ ਕੰਮ ਲਈ 200 ਦੇ ਕਰੀਬ ਲੋਕ ਲੱਗੇ ਹੋਏ ਹਨ, ਜਿਸ ‘ਚ ਉਹ ਸੁਧੀਰ ਸੂਰੀ ਵਰਗਾ ਕਾਂਡ ਕਰਨਗੇ। ਨੌਜਵਾਨ ਨੇ ਕਿਹਾ ਕਿ ਸਚਿਨ ਘਨੌਲੀ ਅਤੇ ਅਮਿਤ ਅਰੋੜਾ ਵੀ ਅਗਲਾ ਨਿਸ਼ਾਨਾ ਬਣ ਸਕਦੇ ਹਨ। ਦੂਜੇ ਪਾਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।























