ਕਤਲ ਮਾਮਲੇ ‘ਚ ਰਿਮਾਂਡ ਤੇ ਲਿਆਂਦੀ ਪ੍ਰੇਮਿਕਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ;ਥਾਣੇਦਾਰ ਸਮੇਤ 5 ਖਿਲਾਫ ਮਾਮਲਾ ਦਰਜ
ਬੁਢਲਾਡਾ, 5 ਨਵੰਬਰ (ਵਿਸ਼ਵ ਵਾਰਤਾ) ਪੁਲਿਸ ਦੀ ਗ੍ਰਿਫਤ ਚੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਚ ਸ਼ਾਮਲ ਪਵਨ ਟੀਨੂ ਦੇ ਫਰਾਰ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਪੁਲਿਸ ਦੀ ਇੱਕ ਹੋਰ ਅਣਗਹਿਲੀ ਉਸ ਸਮੇਂ ਸਾਹਮਣੇ ਆਈ ਜਦੋਂ ਕਤਲ ਮਾਮਲੇ ‘ਚ ਗ੍ਰਿਫਤਾਰ ਔਰਤ ਬੋਹਾ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਈ। ਇਹ ਮਾਮਲਾ ਇੱਥੋ ਨੇੜਲੇ ਪਿੰਡ ਰਿਉਂਦ ਕਲਾਂ (ਬੋਹਾ) ਦੇ ਕ੍ਰਿਸ਼ਨ ਸਿੰਘ ਨੇ ਆਪਣੀ ਪ੍ਰੇਮਿਕਾ ਮਨਜੀਤ ਕੌਰ ਨਾਲ ਮਿਲ ਕੇ ਪਤਨੀ ਗਗਨਦੀਪ ਕੌਰ ਨੂੰ ਭਾਖੜਾ ਨਹਿਰ ਚ ਸੁੱਟ ਦਿੱਤਾ ਸੀ। ਜਿਸ ਦੀ ਲਾਸ਼ ਨਹਿਰ ਚੋਂ ਬਰਾਮਦ ਕਰ ਲਈ ਗਈ ਸੀ। ਇਸ ਮਾਮਲੇ ਚ ਪੁਲਿਸ ਨੇ ਮ੍ਰਿਤਕ ਲੜਕੀ ਦੇ ਭਰਾ ਸੁਖਵਿੰਦਰ ਸਿੰਘ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਪ੍ਰੇਮਿਕਾ ਮਨਜੀਤ ਕੌਰ ਅਤੇ ਕ੍ਰਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਵੱਲੋਂ ਬੋਹਾ ਪੁਲਿਸ ਨੂੰ 3 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਸੀ। ਬੀਤੀ ਰਾਤ ਪ੍ਰੇਮਿਕਾ ਮਨਜੀਤ ਕੌਰ ਬੋਹਾ ਪੁਲਿਸ ਥਾਣੇ ਵਿੱਚੋਂ ਚਕਮਾ ਦੇ ਕੇ ਫਰਾਰ ਹੋ ਗਈ। ਥਾਣਾ ਬੋਹਾ ਪੁਲਿਸ ਨੇ ਉਕਤ ਔਰਤ ਮਨਜੀਤ ਕੌਰ ਸਮੇਤ ਡਿਊਟੀ ਅਫਸਰ ਸਹਾਇਕ ਥਾਣੇਦਾਰ ਬਲਕਰਨ ਸਿੰਘ, ਨਾਈਟ ਮੁਨਸ਼ੀ (ਹੌਲਦਾਰ) ਅਮਨਦੀਪ ਸਿੰਘ, ਮਹਿਲਾ ਸਿਪਾਹੀ ਵੀਰਪਾਲ ਕੌਰ, ਸਿਪਾਹੀ ਬਿਕਰਮਜੀਤ ਸਿੰਘ ਦੇ ਖਿਲਾਫ ਡਿਊਟੀ ਚ ਕੁਤਾਹੀ ਵਰਤਣ ਅਤੇ ਉਕਤ ਔਰਤ ਦੇ ਫਰਾਰ ਮਾਮਲੇ ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧੀ ਡੀ.ਐਸ.ਪੀ. ਅਮਰਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਫਰਾਰ ਔਰਤ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਬਣਾ ਕੇ ਆਲੇ ਦੁਆਲੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ। ਜਲਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।























