ਲਖਬੀਰ ਲੰਡਾ ਹਰੀਕੇ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ; ਸੋਸ਼ਲ ਮੀਡੀਆ ਤੇ ਪਾਈ ਪੋਸਟ
ਚੰਡੀਗੜ੍ਹ, 5ਨਵੰਬਰ(ਵਿਸ਼ਵ ਵਾਰਤਾ)-ਅੰਮ੍ਰਿਤਸਰ ‘ਚ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਲਖਬੀਰ ਲੰਡਾ ਹਰੀਕੇ ਨੇ ਲਈ ਹੈ। ਲਖਬੀਰ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਸੂਰੀ ਨੂੰ ਸਾਡੇ ਭਰਾਵਾਂ ਨੇ ਮਾਰਿਆ ਹੈ।

ਪੋਸਟ ਵਿੱਚ ਲਿਖਿਆ ਗਿਆ ਹੈ ਕਿ ਬਾਕੀ ਕੌਮ ਜਾਂ ਕਿਸੇ ਵੀ ਧਰਮ ਬਾਰੇ ਜੋ ਕੋਈ ਮਾੜਾ ਬੋਲਦਾ ਹੈ, ਉਸ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਸਭ ਦੀ ਵਾਰੀ ਆਵੇਗੀ। ਇਹ ਨਾ ਸੋਚੋ ਕਿ ਉਹ ਸੁਰੱਖਿਆ ਲੈ ਕੇ ਬਚ ਜਾਵੇਗਾ। ਇਹ ਤਾਂ ਸ਼ੁਰੂਆਤ ਹੈ। ਹਾਲਾਂਕਿ ਇਹ ਪੋਸਟ ਸੋਸ਼ਲ ਮੀਡੀਆ ਤੇ ਲੰਡਾ ਹਰੀਕੇ ਦੇ ਨਾਂ ਤੇ ਪਾਈ ਗਈ ਹੈ, ਪਰ ਪੰਜਾਬ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਦੱਸ ਦੱਈਏ ਕਿ ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ਅਤੇ ਪਰਿਵਾਰ ਨੇ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਦੇਰ ਸ਼ਾਮ ਸੁਧੀਰ ਸੂਰੀ ਦੀ ਲਾਸ਼ ਨੂੰ ਫੋਰਟਿਸ ਐਸਕਾਰਟ ਤੋਂ ਸਿਵਲ ਹਸਪਤਾਲ ਮੋਰਚੁਰੀ ਵਿਖੇ ਭੇਜ ਦਿੱਤਾ ਗਿਆ ਸੀ। ਸੁਧੀਰ ਸੂਰੀ ਦੀ ਲਾਸ਼ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।























