ਬੈਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਲੁਧਿਆਣਾ ਦਾ ਕਾਰੋਬਾਰੀ ਗ੍ਰਿਫਤਾਰ
ਅੱਜ ਸੀਬੀਆਈ ਕਰੇਗੀ ਅਦਾਲਤ ਵਿੱਚ ਪੇਸ਼
ਚੰਡੀਗੜ੍ਹ 29 ਅਕਤੂਬਰ(ਵਿਸ਼ਵ ਵਾਰਤਾ) -ਪੰਜਾਬ ਦੇ ਲੁਧਿਆਣਾ ਦੇ ਇੱਕ ਵਪਾਰੀ ਨੀਰਜ ਸਲੂਜਾ ਨੂੰ ਬੀਤੇ ਕੱਲ੍ਹ ਸੀਬੀਆਈ ਨੇ ਦਿੱਲੀ ਸਥਿਤ ਉਹਨਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਹੈ।ਦੱਸਿਆ ਜਾ ਰਿਹਾ ਹੈ ਕਿ ਨੀਰਜ ਸਲੂਜਾ ਨੇ ਬੈਂਕਾਂ ਨਾਲ 1,530 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਨੀਰਜ ਸਲੂਜਾ ਨੂੰ ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ ‘ਚ ਸੀਬੀਆਈ ਨੇ ਜਾਂਚ ਲਈ ਬੁਲਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਬੈਂਕਾਂ ਤੋਂ ਧੋਖਾਧੜੀ ਦਾ ਇਹ ਮਾਮਲਾ 2 ਸਾਲ ਪੁਰਾਣਾ ਹੈ। ਦੋਸ਼ੀ ਨੀਰਜ ਸਲੂਜਾ ਨੂੰ ਅੱਜ ਮੋਹਾਲੀ ਲਿਆਂਦਾ ਜਾਵੇਗਾ। ਮੁਲਜ਼ਮਾਂ ਨੂੰ ਇੱਥੋਂ ਦੀ ਅਦਾਲਤ ਵਿੱਚ ਪੇਸ਼ ਕਰਕੇ ਸੀਬੀਆਈ ਵੱਲੋਂ ਰਿਮਾਂਡ ਲਿਆ ਜਾਵੇਗਾ। ਸਲੂਜਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਈ ਡਿਫਾਲਟਰ ਕਾਰੋਬਾਰੀ ਸੀਬੀਆਈ ਦੇ ਰਡਾਰ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਲੁਧਿਆਣਾ ਸੇਲਜ਼ ਟੈਕਸ ਵੱਲੋਂ ਵੀ ਸ਼ੁਰੂ ਕੀਤੀ ਗਈ ਸੀ ਪਰ ਮਿਲੀਭੁਗਤ ਕਾਰਨ ਮਾਮਲਾ ਦਬਾ ਦਿੱਤਾ ਗਿਆ। ਹੁਣ ਮਾਮਲਾ ਸੀਬੀਆਈ ਤੱਕ ਪਹੁੰਚ ਗਿਆ ਹੈ ਤਾਂ ਕਈ ਸੇਲ ਟੈਕਸ ਅਧਿਕਾਰੀ ਵੀ ਜਾਂਚ ਏਜੰਸੀ ਦੇ ਰਡਾਰ ‘ਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਨੀਰਜ ਸਲੂਜਾ ਦੀਆਂ ਹਰਿਆਣਾ, ਰਾਜਸਥਾਨ, ਮਲੋਟ, ਨਵਾਂਸ਼ਹਿਰ ਆਦਿ ਵਿੱਚ ਕਈ ਯੂਨਿਟ ਹਨ।
ਨੀਰਜ ਸਲੂਜਾ ਦੀ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੇ ਕਈ ਕਾਰੋਬਾਰੀਆਂ ‘ਚ ਹਲਚਲ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਕਈ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ।























