ਨਵਜੋਤ ਸਿੱਧੂ ਲੁਧਿਆਣਾ ਅਦਾਲਤ ਵਿੱਚ ਨਹੀਂ ਹੋਣਗੇ ਪੇਸ਼
ਚੰਡੀਗੜ੍ਹ 21 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪੇਸ਼ੀ ਤੋਂ ਪਹਿਲਾਂ ਉਨ੍ਹਾਂ ਦਾ ਹਸਪਤਾਲ ‘ਚ ਮੈਡੀਕਲ ਕਰਵਾਇਆ ਗਿਆ, ਜਿਸ ‘ਚ ਉਨ੍ਹਾਂ ਨੂੰ ਅਨਫਿੱਟ ਕਰਾਰ ਦਿੱਤਾ ਗਿਆ।ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਸਿੱਧੂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਕੱਲ੍ਹ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਾਲਾਂਕਿ ਸਿੱਧੂ ਦੀ ਪੇਸ਼ੀ ਨੂੰ ਲੈ ਕੇ ਅਦਾਲਤ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।
ਦੱਸਣਾ ਬਣਦਾ ਹੈ ਕਿ ਕਿ ਸੀਜੇਐਮ ਸੁਮਿਤ ਮੱਕੜ ਦੀ ਅਦਾਲਤ ਨੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ਜਾਰੀ ਕਰਕੇ ਸਿੱਧੂ ਨੂੰ ਗਵਾਹ ਵਜੋਂ ਅਦਾਲਤ ਵਿੱਚ ਤਲਬ ਕੀਤਾ ਸੀ।