ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਵਸਤਾਂ ਤੇ ਪਲਾਸਟਿਕ ਦੇ ਲਫਾਫਿਆਂ ਦੀ ਵਿਕਰੀ/ਨਿਰਮਾਣ/ਵਰਤੋਂ ਖਿਲਾਫ਼ ਮੁਹਿੰਮ ਜਾਰੀ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਕੌਂਸਲ ਆਦਮਪੁਰ ਦੀ ਸਾਂਝੀ ਟੀਮ ਵੱਲੋਂ ਚੈਕਿੰਗ
7.294 ਕਿਲੋ ਪਲਾਸਟਿਕ ਦੇ ਲਿਫਾਫੇ ਤੇ 13.300 ਕਿਲੋ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਵਸਤਾਂ ਜ਼ਬਤ, ਉਲੰਘਣਕਰਤਾਵਾਂ ਦੇ 69,300 ਰੁਪਏ ਦੇ ਚਲਾਨ

ਆਦਮਪੁਰ, (ਜਲੰਧਰ) 19 ਅਕਤੂਬਰ (ਵਿਸ਼ਵ ਵਾਰਤਾ): ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਵਸਤਾਂ (ਐਸ.ਯੂ.ਪੀ.) ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ/ਨਿਰਮਾਣ/ਵਰਤੋਂ ਖਿਲਾਫ਼ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੀਜਨਲ ਦਫ਼ਤਰ-1 ਜਲੰਧਰ ਅਤੇ ਨਗਰ ਕੌਂਸਲ ਆਦਮਪੁਰ ਦੀ ਸਾਂਝੀ ਟੀਮ ਵੱਲੋਂ ਪਾਬੰਦੀਸ਼ੁਦਾ ਐਸ.ਯੂ.ਪੀ. ਵਸਤਾਂ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦੀ ਜਾਂਚ ਲਈ ਸਥਾਨਕ ਮਾਰਕੀਟ ਵਿਖੇ ਦੁਕਾਨਾਂ, ਫੁੱਲ ਵਿਕਰੇਤਾਵਾਂ ਅਤੇ ਰੇਹੜੀਆਂ ਦੀ ਚੈਕਿੰਗ ਕੀਤੀ ਗਈ।
ਇਸ ਮੁਹਿੰਮ ਦੌਰਾਨ 45 ਰੇਹੜੀਆਂ/ਫੁੱਲ ਵਿਰਕੇਤਾ/ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ 7 ਰੇਹੜੀ ਵਾਲੇ/ਦੁਕਾਨਦਾਰਾਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਅਤੇ 2 ਦੁਕਾਨਾਂ ਨੂੰ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਦੀ ਵਿਕਰੀ ਕਰਦੇ ਪਾਇਆ ਗਿਆ। ਚੈਕਿੰਗ ਦੌਰਾਨ 7.294 ਕਿਲੋਗ੍ਰਾਮ ਪਲਾਸਟਿਕ ਦੇ ਲਿਫਾਫੇ ਅਤੇ 13.300 ਕਿਲੋਗ੍ਰਾਮ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਵਸਤਾਂ ਜ਼ਬਤ ਕਰਕੇ ਉਲੰਘਣਕਰਤਾਵਾਂ ਦੇ 69,300 ਰੁਪਏ ਦੇ 9 ਚਲਾਨ ਕੀਤੇ ਗਏ।
ਇਸ ਮੌਕੇ ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਨ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤਾਂ ਦੇ ਵਿਕਲਪਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।
























