ਅੱਜ ਮਿਲੇਗਾ ਕਾਂਗਰਸ ਨੂੰ ਨਵਾਂ ਪ੍ਰਧਾਨ: ਸਵੇਰੇ 10 ਵਜੇ ਤੋਂ ਹੋਵੇਗੀ 9500 ਵੋਟਾਂ ਦੀ ਗਿਣਤੀ
ਚੋਣ ਜਿੱਤਣ ਵਾਲਾ ਹੋਵੇਗਾ ਕਾਂਗਰਸ ਪ੍ਰਧਾਨ ਬਣਨ ਵਾਲਾ 65ਵਾਂ ਆਗੂ
ਚੰਡੀਗੜ੍ਹ, 19ਅਕਤੂਬਰ(ਵਿਸ਼ਵ ਵਾਰਤਾ)-ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਦਫ਼ਤਰ 24 ਅਕਬਰ ਰੋਡ, ਨਵੀਂ ਦਿੱਲੀ ਵਿਖੇ ਹੋਵੇਗੀ। ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਚੋਣਾਂ ਵਿੱਚ ਆਹਮੋ-ਸਾਹਮਣੇ ਹਨ, ਪਰ ਰੁਝਾਨ ਖੜਗੇ ਦੀ ਜਿੱਤ ਦਾ ਸੰਕੇਤ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਸਮਰਥਨ ਪ੍ਰਾਪਤ ਹੈ। ਚੋਣ ਵਿੱਚ 9900 ਵੋਟਰਾਂ ਵਿੱਚੋਂ 9500 ਨੇ ਆਪਣੀ ਵੋਟ ਪਾਈ ਸੀ। ਗਿਣਤੀ ਸਵੇਰੇ 10 ਵਜੇ ਸ਼ੁਰੂ ਹੋਵੇਗੀ।
ਗੌਰਤਲਬ ਹੈ ਕਿ 17 ਅਕਤੂਬਰ ਨੂੰ ਵੋਟਿੰਗ ਤੋਂ ਬਾਅਦ ਸਾਰੇ ਬੂਥਾਂ ਤੋਂ ਬੈਲਟ ਬਕਸੇ ਏ.ਆਈ.ਸੀ.ਸੀ. ਦਫ਼ਤਰ ਵਿਖੇ ਮੰਗਵਾਏ ਗਏ ਸਨ। ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਬੈਲਟ ਪੇਪਰਾਂ ਨੂੰ ਮਿਲਾ ਦਿੱਤਾ ਜਾਵੇਗਾ ਤਾਂ ਜੋ ਇਹ ਪਤਾ ਨਾ ਲੱਗ ਸਕੇ ਕਿ ਕਿਸ ਉਮੀਦਵਾਰ ਨੂੰ ਕਿਸ ਸੂਬੇ ਤੋਂ ਕਿੰਨੀਆਂ ਵੋਟਾਂ ਮਿਲੀਆਂ ਹਨ। ਇਸ ਤੋਂ ਬਾਅਦ ਵੋਟਾਂ ਦੀ ਛਾਂਟੀ ਕੀਤੀ ਜਾਵੇਗੀ, ਫਿਰ 50-50 ਵੋਟਾਂ ਬਣਾ ਕੇ ਗਿਣਤੀ ਕੀਤੀ ਜਾਵੇਗੀ।
ਕਾਂਗਰਸ ਦੀ ਕੇਂਦਰੀ ਚੋਣ ਅਥਾਰਟੀ (ਸੀਈਏ) ਨੇ ਚੋਣਾਂ ਦੌਰਾਨ 36 ਪੋਲਿੰਗ ਸਟੇਸ਼ਨਾਂ ‘ਤੇ 67 ਬੂਥ ਬਣਾਏ ਸਨ। ਸਭ ਤੋਂ ਵੱਧ 6 ਬੂਥ ਯੂਪੀ ਵਿੱਚ ਸਨ। ਹਰ 200 ਡੈਲੀਗੇਟਾਂ ਲਈ ਇੱਕ ਬੂਥ ਬਣਾਇਆ ਗਿਆ ਸੀ। ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਰਾਹੁਲ ਗਾਂਧੀ ਸਮੇਤ 47 ਡੈਲੀਗੇਟਾਂ ਨੇ ਕਰਨਾਟਕ ਦੇ ਬੇਲਾਰੀ ਵਿੱਚ ਆਪਣੀ ਵੋਟ ਪਾਈ। ਇੱਥੇ ਯਾਤਰਾ ਦੇ ਡੇਰੇ ‘ਤੇ ਵੱਖਰਾ ਬੂਥ ਬਣਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਕਾਂਗਰਸ ‘ਚ ਪ੍ਰਧਾਨ ਦੇ ਅਹੁਦੇ ਲਈ ਆਖਰੀ ਵਾਰ 1998 ‘ਚ ਵੋਟਿੰਗ ਹੋਈ ਸੀ। ਉਦੋਂ ਸੋਨੀਆ ਗਾਂਧੀ ਦੇ ਸਾਹਮਣੇ ਜਿਤੇਂਦਰ ਪ੍ਰਸਾਦ ਸਨ। ਸੋਨੀਆ ਗਾਂਧੀ ਨੂੰ ਕਰੀਬ 7,448 ਵੋਟਾਂ ਮਿਲੀਆਂ, ਜਦਕਿ ਜਤਿੰਦਰ ਪ੍ਰਸਾਦ ਨੂੰ 94 ਵੋਟਾਂ ਮਿਲੀਆਂ। ਸੋਨੀਆ ਗਾਂਧੀ ਦੇ ਪ੍ਰਧਾਨ ਬਣਨ ‘ਤੇ ਗਾਂਧੀ ਪਰਿਵਾਰ ਨੂੰ ਕਦੇ ਵੀ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਦੱਸ ਦੱਈਏ ਕਿ ਜੋ ਵੀ ਇਹ ਚੋਣ ਜਿੱਤੇਗਾ ਉਹ ਕਾਂਗਰਸ ਪ੍ਰਧਾਨ ਬਣਨ ਵਾਲਾ 65ਵਾਂ ਆਗੂ ਹੋਵੇਗਾ। ਇਨ੍ਹਾਂ ਵਿੱਚੋਂ ਕਈ ਆਗੂ ਇੱਕ ਤੋਂ ਵੱਧ ਵਾਰ ਪ੍ਰਧਾਨ ਰਹਿ ਚੁੱਕੇ ਹਨ। ਜੇਕਰ ਖੜਗੇ ਇਹ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਕਾਂਗਰਸ ਪ੍ਰਧਾਨ ਬਣਨ ਵਾਲੇ ਦੂਜੇ ਦਲਿਤ ਨੇਤਾ ਹੋਣਗੇ। ਬਾਬੂ ਜਗਜੀਵਨ ਰਾਮ ਕਾਂਗਰਸ ਪ੍ਰਧਾਨ ਬਣਨ ਵਾਲੇ ਪਹਿਲੇ ਦਲਿਤ ਆਗੂ ਸਨ। ਆਜ਼ਾਦੀ ਤੋਂ ਬਾਅਦ 75 ਸਾਲਾਂ ‘ਚ 42 ਸਾਲ ਪਾਰਟੀ ਦੀ ਕਮਾਨ ਗਾਂਧੀ ਪਰਿਵਾਰ ਕੋਲ ਰਹੀ। ਇਸ ਦੇ ਨਾਲ ਹੀ 33 ਸਾਲਾਂ ਤੱਕ ਪਾਰਟੀ ਪ੍ਰਧਾਨ ਦੀ ਵਾਗਡੋਰ ਗਾਂਧੀ ਪਰਿਵਾਰ ਤੋਂ ਇਲਾਵਾ ਹੋਰ ਨੇਤਾਵਾਂ ਕੋਲ ਰਹੀ।