ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਅੱਜ
ਚੰਡੀਗੜ੍ਹ 17 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੀ ਸਾਜਿਸ਼ ਘੜਨ ਵਿੱਚ ਸ਼ਾਮਿਲ ਅਤੇ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੱਤ ਦਿਨ ਦੇ ਰਿਮਾਂਡ ਤੋਂ ਬਾਅਦ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਗੈਂਗਸਟਰ ਜੱਗੂ ‘ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸ਼ੂਟਰਾਂ ਨੂੰ ਬਠਿੰਡਾ ਤੋਂ ਫਾਰਚੂਨਰ ਗੱਡੀਆਂ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਦੋਸ਼ ਹੈ।
ਪੁਲੀਸ ਨੇ ਇਸ ਮਾਮਲੇ ਵਿੱਚ ਸਤਬੀਰ ਸਿੰਘ ਵਾਸੀ ਅੰਮ੍ਰਿਤਸਰ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਕੇਸ ਦਰਜ ਕਰ ਲਿਆ ਹੈ। ਸੀਆਈਏ-2 ਇਸ ਮਾਮਲੇ ਵਿੱਚ ਪੁੱਛਗਿੱਛ ਲਈ ਜੱਗੂ ਨੂੰ ਬਟਾਲਾ ਜੇਲ੍ਹ ਤੋਂ ਲੁਧਿਆਣਾ ਲੈ ਕੇ ਆਈ ਸੀ। ਅਦਾਲਤ ਨੇ ਜੱਗੂ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੱਗੂ ਦੇ ਪ੍ਰੋਡਕਸ਼ਨ ਰਿਮਾਂਡ ਦੌਰਾਨ ਹੀ ਪੁਲਿਸ ਨੂੰ ਗੁਰਮੀਤ ਮੀਤੇ ਬਾਰੇ ਪਤਾ ਲੱਗਾ ਕਿ ਉਹ ਵੀ ਬਠਿੰਡਾ ਜਾਣ ਸਮੇਂ ਫਾਰਚੂਨਰ ਗੱਡੀ ਵਿੱਚ ਸੀ। ਇਸ ਦੌਰਾਨ ਪੁਲੀਸ ਨੇ ਬਟਾਲਾ ਜੇਲ੍ਹ ਵਿੱਚੋਂ ਗੁਰਮੀਤ ਮੀਤਾ ਦੇ ਪ੍ਰੋਡਕਸ਼ਨ ਵਾਰੰਟ ਲੈ ਲਏ। ਗੁਰਮੀਤ ਮੀਤਾ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਖਾਸ ਹੈ।