ਵਿਜੀਲੈਂਸ ਨੇ ਪੁਲਿਸ ਕਮਿਸ਼ਨਰ ਨੂੰ ਰਵਨੀਤ ਬਿੱਟੂ ਖਿਲਾਫ ਮਾਮਲਾ ਦਰਜ ਦਾ ਭੇਜਿਆ ਰਿਮਾਈਂਡਰ
ਚੰਡੀਗੜ੍ਹ 15 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਟਰਾਂਸਪੋਰਟ ਟੈਂਡਰ ਘੁਟਾਲੇ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਵਿਜੀਲੈਂਸ ਦੇ ਐਸਐਸਪੀ ਇਕ ਵਾਰ ਫਿਰ ਤੋਂ ਆਹਮੋ-ਸਾਹਮਣੇ ਹੋ ਗਏ ਹਨ। ਦੱਸ ਦਈਏ ਕਿ 22 ਅਗਸਤ ਨੂੰ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦੇ ਦੋਸ਼ੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਸੈਲੂਨ ਤੋਂ ਗ੍ਰਿਫਤਾਰ ਕੀਤਾ ਸੀ। ਜਦੋਂ ਆਸ਼ੂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਸ ਸਮੇਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਮੌਕੇ ‘ਤੇ ਵਿਜੀਲੈਂਸ ਅਧਿਕਾਰੀਆਂ ਨਾਲ ਕਾਫੀ ਬਹਿਸ ਹੋਈ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਸੀਪੀ ਨੂੰ ਬਿੱਟੂ ਖ਼ਿਲਾਫ਼ ਕੇਸ ਦਰਜ ਕਰਨ ਲਈ ਰਿਮਾਈਂਡਰ ਭੇਜ ਦਿੱਤਾ ਹੈ।
ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ ਵਿਜੀਲੈਂਸ ਅਧਿਕਾਰੀ ਆਸ਼ੂ ਦੇ ਕਰੀਬੀਆਂ, ਕਾਂਗਰਸੀ ਵਰਕਰਾਂ ਅਤੇ ਕੌਂਸਲਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰਨ। ਬਿੱਟੂ ਨੇ ਕਿਹਾ ਕਿ ਵਿਜੀਲੈਂਸ ਨੇ ਸਭ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ, ਜਦੋਂ ਕਿ ਉਹ ਖੁਦ ਗ੍ਰਿਫਤਾਰੀ ਦੇਣ ਗਿਆ ਸੀ। ਆਸ਼ੂ 2 ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਹੁਣ ਆਸ਼ੂ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ‘ਚ ਸੀ, ਫਿਰ ਅਚਾਨਕ ਆਸ਼ੂ ਨੂੰ ਰਾਤ ਸਮੇਂ ਜੇਲ ‘ਚੋਂ ਨਵਾਂਸ਼ਹਿਰ ਲਿਜਾਇਆ ਜਾਂਦਾ ਹੈ, ਕਿਉਂਕਿ ਵਿਜੀਲੈਂਸ ਨੂੰ ਆਸ਼ੂ ਖਿਲਾਫ ਲੁਧਿਆਣਾ ਤੋਂ ਕੁਝ ਨਹੀਂ ਮਿਲਿਆ।