ਮਾਨਸੂਨ ਦੀ ਸੀਜ਼ਨ ਖਤਮ ਹੋਣ ਤੋਂ ਬਾਅਦ ਵੀ ਦੇਸ਼ ਦੇ 9 ਸੂਬਿਆਂ ‘ਚ ਮੀਂਹ ਦਾ ਅਲਰਟ
ਦਿੱਲੀ ਅਤੇ ਯੂਪੀ ‘ਚ ਮੀਂਹ ਕਾਰਨ 4 ਦਿਨਾਂ ‘ਚ 30 ਮੌਤਾਂ, ਅੱਜ ਸਕੂਲ ਬੰਦ
ਚੰਡੀਗੜ੍ਹ 10 ਅਕਤੂਬਰ(ਵਿਸ਼ਵ ਵਾਰਤਾ)- ਮਾਨਸੂਨ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ ਮੀਂਹ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦੋ ਦਿਨਾਂ (10 ਅਤੇ 11 ਅਕਤੂਬਰ) ਨੂੰ ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਆਂਧਰਾ ਪ੍ਰਦੇਸ਼, ਕੇਰਲ, ਗੁਜਰਾਤ, ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਮੀਂਹ ਜਾਰੀ ਰਹੇਗਾ। ਦੂਜੇ ਪਾਸੇ, ਦਿੱਲੀ ਵਿੱਚ 2007 ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਬਾਰਸ਼ ਦਰਜ ਕੀਤੀ ਗਈ। ਇਸ ਨੇ ਅਕਤੂਬਰ ਮਹੀਨੇ ਵਿੱਚ ਹੋਈ ਬਾਰਿਸ਼ ਦਾ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ
ਦਿੱਲੀ ਦੇ ਲਾਹੌਰੀ ਗੇਟ ਨੇੜੇ ਬੀਤੀ ਰਾਤ ਨੂੰ ਇੱਕ ਦੋ ਮੰਜ਼ਿਲਾ ਇਮਾਰਤ ਢਹਿ ਗਈ। ਮੀਂਹ ਕਾਰਨ ਹੋਏ ਇਸ ਹਾਦਸੇ ਵਿੱਚ ਚਾਰ ਸਾਲ ਦੀ ਬੱਚੀ ਸਮੇਤ ਤਿੰਨ ਦੀ ਮੌਤ ਹੋ ਗਈ।ਇਸ ਦੇ ਨਾਲ ਹੀ ਗੁਰੂਗ੍ਰਾਮ ‘ਚ ਬਰਸਾਤੀ ਛੱਪੜ ‘ਚ ਡੁੱਬਣ ਕਾਰਨ 6 ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਉਮਰ 8 ਤੋਂ 13 ਸਾਲ ਦੇ ਵਿਚਕਾਰ ਹੈ। ਮੱਧ ਪ੍ਰਦੇਸ਼ ‘ਚ ਅੱਜ ਰਾਜਧਾਨੀ ਭੋਪਾਲ ਸਮੇਤ ਕਈ ਸ਼ਹਿਰਾਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜਸਥਾਨ ਦੇ ਜੈਪੁਰ, ਅਜਮੇਰ, ਭਰਤਪੁਰ ਸਮੇਤ 16 ਜ਼ਿਲ੍ਹਿਆਂ ਵਿੱਚ 11 ਅਕਤੂਬਰ ਤੱਕ ਮੀਂਹ ਜਾਰੀ ਰਹੇਗਾ।