ਚੰਡੀਗੜ੍ਹ, 19 ਅਪ੍ਰੈਲ (ਵਿਸ਼ਵ ਵਾਰਤਾ)-ਆਮ ਆਦਮ ਪਾਰਟੀ (ਆਪ) ਪੰਜਾਬ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵੱਲੋਂ ਦਰਿਆਈ ਪਾਣੀਆਂ ਦੀ ਪੰਜਾਬ ਕੋਲੋਂ ਰਾਇਲਟੀ ਲੈਣ ਦੀ ਮੰਗ ਅਤੇ ਰਾਜਧਾਨੀ ਚੰਡੀਗੜ੍ਹ ‘ਚ ਹਿਮਾਚਲ ਪ੍ਰਦੇਸ਼ ਦੀ 7.19 ਫ਼ੀਸਦੀ ਹਿੱਸੇਦਾਰੀ ਉੱਤੇ ਦਾਅਵੇ ਨੂੰ ਤਰਕ ਦੇ ਅਧਾਰ ‘ਤੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।
‘ਆਪ’ ਵੱਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਜੈ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ, ਮੀਤ ਹੇਅਰ ਅਤੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਾਜਧਾਨੀ ਚੰਡੀਗੜ੍ਹ ‘ਚ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਬਾਰੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਦਾਅਵਾ ਬਿਲਕੁਲ ਗੈਰ-ਜਿੰਮੇਵਾਰਨਾ ਹੈ। ਜੈ ਰਾਮ ਠਾਕੁਰ ਵੱਲੋਂ ਅਜਿਹਾ ਬਿਆਨ ਦੇਣ ਪਿੱਛੇ ਹਿਮਾਚਲ ਪ੍ਰਦੇਸ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਫੋਕੀ ਵਾਹ-ਵਾਹ ਬਟੋਰਨ ਦੀ ਮਨਸਾ ਸਾਫ਼ ਝਲਕਦੀ ਹੈ। ‘ਆਪ’ ਆਗੂਆਂ ਨੇ ਕਿਹਾ ਉਹ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਸਮੇਤ ਹੋਰ ਕਥਿਤ ਦਾਅਵੇਦਾਰਾਂ ਨੂੰ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਪੰਜਾਬ ਦੇ ਕਰੀਬ 32 ਪੰਜਾਬੀ ਭਾਸ਼ਾਈ ਪਿੰਡ ਉਜਾੜ ਕੇ ਚੰਡੀਗੜ੍ਹ ਦੀ ਉਸਾਰੀ ਪੰਜਾਬ ਦੀ ਰਾਜਧਾਨੀ ਲਈ ਕੀਤੀ ਗਈ ਸੀ। ਇਸ ਲਈ ਹਿਮਾਚਲ ਪ੍ਰਦੇਸ਼ ਦਾ ਚੰਡੀਗੜ੍ਹ ਉੱਤੇ ਨਾ ਨੈਤਿਕ ਅਤੇ ਨਾ ਹੀ ਕਾਨੂੰਨੀ ਹੱਕ ਬਣਦਾ ਹੈ। ‘ਆਪ’ ਆਗੂਆਂ ਨੇ ਚੁਟਕੀ ਲੈਂਦਿਆਂ ਕਿਹਾ ਕਿ ਜਿਸ ਹਿਸਾਬ ਨਾਲ ਜੈ ਰਾਮ ਠਾਕੁਰ ਪੰਜਾਬ ਦੀ ਰਾਜਧਾਨੀ ‘ਤੇ ਕਥਿਤ ਹੱਕ ਜਿਤਾ ਰਹੇ ਹਨ, ਇਸ ਤਰ੍ਹਾਂ ਤਾਂ ਪੰਜਾਬ ਵੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਹਿੱਸੇਦਾਰੀ ਜਿਤਾ ਸਕਦਾ ਹੈ, ਪਰੰਤੂ ਇਸ ਦੀ ਕੋਈ ਤੁਕ ਨਹੀਂ ਬਣਦੀ।
ਜਿੱਥੋਂ ਤੱਕ ਦਰਿਆਈ ਪਾਣੀਆਂ ਦੀ ਰਾਇਲਟੀ ਦੀ ਮੰਗ ਦਾ ਸਵਾਲ ਹੈ, ‘ਆਪ’ ਆਗੂਆਂ ਨੇ ਕਿਹਾ, ”ਦਰਿਆਈ ਪਾਣੀਆਂ ਦੀ ਰਾਇਲਟੀ ਦਾ ਮੁੱਦਾ ਸੱਚਮੁੱਚ ਗੰਭੀਰਤਾ ਨਾਲ ਵਿਚਾਰਨ ਵਾਲਾ ਹੈ। ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਅਨੁਸਾਰ ਜੇਕਰ ਪੰਜਾਬ ਰਾਵੀ, ਬਿਆਸ ਅਤੇ ਸਤਲੁਜ ਦੇ ਪੰਧ ‘ਚ ਨਹੀਂ ਆਉਂਦਾ ਅਤੇ ਗੈਰ-ਰਿਪੇਰੀਅਨ ਸੂਬਾ ਹੈ ਤਾਂ ਹਿਮਾਚਲ ਪ੍ਰਦੇਸ਼ ਸੱਚਮੁੱਚ ਰਾਇਲਟੀ ਲੈਣ ਦਾ ਹੱਕਦਾਰ ਹੈ। ਪਰ ਸ਼ਾਇਦ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਉਨ੍ਹਾਂ ਦੇ ਸਲਾਹਕਾਰਾਂ ਦੀ ਟੀਮ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨ ਸੰਬੰਧੀ ਵਾਕਫ਼ੀਅਤ ਨਹੀਂ ਰੱਖਦੀ, ਇਸ ਲਈ ਆਮ ਆਦਮੀ ਪਾਰਟੀ ਜੈ ਰਾਮ ਠਾਕੁਰ ਸਾਹਿਬ ਨੂੰ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਰਾਵੀ, ਬਿਆਸ, ਸਤਲੁਜ ਤੇ ਹੋਰ ਸਾਂਝੇ ਨਦੀ-ਨਾਲਿਆਂ ਉੱਤੇ ਬਤੌਰ ਰਿਪੇਰੀਅਨ ਕਾਨੂੰਨ ਪੰਜਾਬ ਦਾ ਵੀ ਉਨ੍ਹਾਂ ਹੀ ਹੱਕ ਹੈ ਜਿੰਨਾ ਹਿਮਾਚਲ ਪ੍ਰਦੇਸ਼ ਸਮਝਦਾ ਹੈ।”
‘ਆਪ’ ਆਗੂਆਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦਰਿਆਈ ਪਾਣੀਆਂ ਦੀ ਰਾਇਲਟੀ ਦਾ ਰਿਪੇਰੀਅਨ ਕਾਨੂੰਨ ਮੁਤਾਬਿਕ ਮੰਗ ਉਠਾਉਣੀ ਹੀ ਹੈ ਤਾਂ ਪੰਜਾਬ ਨਾਲ ਮਿਲ ਕੇ ਗੈਰ ਰਿਪੇਰੀਅਨ ਰਾਜਾਂ ਬਾਰੇ ਉਠਾਈ ਜਾਵੇ, ਜਿੰਨਾ ‘ਚ ਰਾਜਸਥਾਨ, ਹਰਿਆਣਾ ਅਤੇ ਦਿੱਲੀ ਸ਼ਾਮਲ ਹਨ, ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਇਨ੍ਹਾਂ ਰਾਜਾਂ ਤੋਂ ਪੰਜਾਬ ਲਈ ਰਾਇਲਟੀ ਮੰਗਦੀ ਆ ਰਹੀ ਹੈ।
‘ਆਪ’ ਆਗੂਆਂ ਨੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਦੇ ਮੁੱਖ ਮੰਤਰੀ ਹੋਣ ਵਜੋਂ ਜੈ ਰਾਮ ਠਾਕੁਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਜੇਕਰ ਉਹ ਹਰਿਆਣਾ ਅਤੇ ਰਾਜਸਥਾਨ ਦੀਆਂ ਭਾਜਪਾ ਸਰਕਾਰਾਂ ਨੂੰ ”ਗੈਰ-ਰਿਪੇਰੀਅਨ ਸੂਬੇ ਹੋਣ ਵਜੋਂ” ਦਰਿਆਈ ਪਾਣੀਆਂ ਦੀ ਰਾਇਲਟੀ ਦੇਣ ਲਈ ਰਾਜ਼ੀ ਕਰ ਲੈਂਦੇ ਹਨ ਤਾਂ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਨਾਤੇ ਅਸੀਂ (‘ਆਪ’ ਪੰਜਾਬ) ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਵੀ ਮਨਾ ਲਵਾਂਗੇ।
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ
IPL ’ਚ ਅੱਜ ਖੇਡੇ ਜਾਣਗੇ ਡਬਲ ਹੈਡਰ ਮੁਕਾਬਲੇ ਪਹਿਲਾ ਮੈਚ ਗੁਜਰਾਤ ਅਤੇ ਬੈਂਗਲੁਰੂ ਵਿਚਾਲੇ ਥੋੜ੍ਹੀ ਦੇਰ ’ਚ ਪੜ੍ਹੋ, ਬੈਂਗਲੁਰੂ ਨੇ...