ਪਲਾਂਟ ਦੀਆਂ ਸਮੱਸਿਆਵਾਂ ਮੁੱਖ ਮੰਤਰੀ ਨੂੰ ਮਿਲ ਕੇ ਹੱਲ ਕਰਾਉਣ ਦਾ ਦਿੱਤਾ ਭਰੋਸਾ
ਅਧਿਕਾਰੀਆਂ ਦੀ ਵਧੀਆ ਕਾਰਗੁਜ਼ਾਰੀ ਦੀ ਕੀਤੀ ਪ੍ਰਸੰਸਾ

ਮੋਹਾਲੀ : 4 ਅਗਸਤ, (ਵਿਸ਼ਵ ਵਾਰਤਾ) ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਮੋਹਾਲੀ ਮਿਲਕ ਪਲਾਂਟ ਦਾ ਦੌਰਾ ਕੀਤਾ। ਮਿਲਕ ਪਲਾਂਟ ਮੋਹਾਲੀ ਦੇ ਜੀ ਐਮ ਸ੍ਰੀ ਰਾਜ ਕੁਮਾਰ ਪਾਲ ਅਤੇ ਮੈਨੇਜਰ ਮਨੋਜ ਸ੍ਰੀ ਵਾਸਤਵ ਨੇ ਸ. ਕੁਲਵੰਤ ਸਿੰਘ ਨੂੰ ਪਲਾਂਟ ਦਾ ਪੂਰਾ ਵੇਰਵਾ ਦਿੰਦਿਆਂ ਮਿਲਕ ਪਲਾਂਟ ਦੀ ਪੂਰੀ ਵਰਕਿੰਗ ਦਿਖਾਈ। ਉਨ੍ਹਾਂ ਦੱਸਿਆ ਕਿ ਮੋਹਾਲੀ ਮਿਲਕ ਪਲਾਂਟ ਦੀ 8 ਲੱਖ ਲਿਟਰ ਦੁੱਧ ਰੋਜ਼ਾਨਾ ਪ੍ਰੋਸੈੱਸ ਕਰਨ ਦੀ ਸਮਰੱਥਾ ਹੈ ਅਤੇ ਪਲਾਂਟ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਸ. ਕੁਲਵੰਤ ਸਿੰਘ ਨੇ ਪਲਾਂਟ ‘ਚ ਆਏ ਦੁੱਧ ਦੀ ਗੁਣਵੱਤਾ ਚੈੱਕ ਕਰਨ, ਪਲਾਂਟ ‘ਚ ਦੁੱਧ, ਦਹੀਂ, ਪਨੀਰ, ਲੱਸੀ ਬਨਣ ਦੀ ਪੂਰੀ ਪ੍ਰਕਿਰਿਆ ਨੂੰ ਦੇਖਿਆ ਕਿ ਸ਼ੁਰੂ ਤੋਂ ਲੈ ਕੇ ਪੈਕਿੰਗ ਕਰਨ ਤੱਕ ਦੇ ਸਮੇਂ ‘ਚ ਕਿਧਰੇ ਵੀ ਕਿਸੇ ਚੀਜ਼ ਨੂੰ ਮਨੁੱਖੀ ਹੱਥ ਨਹੀਂ ਲੱਗਦੇ ਅਤੇ ਸਾਰੀ ਪ੍ਰਕਿਰਿਆ ਆਟੋਮੈਟਿਕ ਮਸ਼ੀਨਾਂ ਨਾਲ ਪੂਰੀ ਹੋਣ ਕਾਰਨ ਪਲਾਂਟ ਦਾ ਮਹੌਲ ਤੇ ਬਣਾਈਆਂ ਹੋਈਆਂ ਚੀਜ਼ਾਂ ਪੂਰੀ ਤਰ੍ਹਾਂ ਹਾਈਜੈਨਿਕ ਹਨ।
ਸ. ਕੁਲਵੰਤ ਸਿੰਘ ਨੇ ਪਲਾਂਟ ਦਾ ਦੌਰਾ ਕਰਨ ਉਪਰੰਤ ਪਲਾਂਟ ਮੈਨੇਜਮੈਂਟ ਦੇ ਕੰਮ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਰਕਾਰੀ ਤੇ ਅਰਧ ਸਰਕਾਰੀ ਸੰਸਥਾਵਾਂ ਭਾਰਤੀ ਅਰਥ ਵਿਵਸਥਾ ਦਾ ਥੰਮ ਹਨ। ਉਨ੍ਹਾਂ ਕਿਹਾ ਕਿ ਏਨੇ ਸਾਫ ਸੁਥਰੇ ਵਾਤਾਵਰਣ ਵਿੱਚ ਪੈਦਾ ਕੀਤੀਆਂ ਦੁੱਧ ਦੀਆਂ ਵਸਤਾਂ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ।
ਇਸ ਮੌਕੇ ਪਲਾਂਟ ਪ੍ਰਬੰਧਕਾਂ ਨੇ ਆਪਣੀਆਂ ਸਮੱਸਿਆਵਾਂ ਵੀ ਵਿਧਾਇਕ ਕੁਲਵੰਤ ਸਿੰਘ ਸਾਹਮਣੇ ਰੱਖੀਆਂ। ਉਨ੍ਹਾਂ ਦੱਸਿਆ ਕਿ ਪਲਾਂਟ ਵਿੱਚ ਪੱਕੇ ਮੁਲਾਜ਼ਮਾਂ ਦੀ ਬਹੁਤ ਥੁੜ ਹੈ ਅਤੇ 580 ਪੱਕੀਆਂ ਆਸਾਮੀਆਂ ਦੀ ਪ੍ਰਵਾਨਗੀ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹੈ। ਉਨ੍ਹਾਂ ਵਿਧਾਇਕ ਕੁਲਵੰਤ ਕੁਲਵੰਤ ਸਿੰਘ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਪੰਜਾਬ ਸਰਕਾਰ ਵੱਲੋਂ ਦੁੱਧ ਉਤਪਾਦਕਾਂ ਨੂੰ ਸਾਢੇ ਤਿੰਨ ਰੁਪਏ ਪ੍ਰਤੀ ਲੀਟਰ ਰੇਟ ‘ਚ ਵਾਧੇ ਦਾ ਪੈਸਾ ਦੇਣਾ ਸੀ ਤੇ ਦੋ ਰੁਪਏ ਪਲਾਂਟ ਨੇ ਪਾਉਣੇ ਸਨ, ਉਹ ਲਗਭਗ 70 ਲੱਖ ਰੁਪਏ ਅਜੇ ਤੱਕ ਸਰਕਾਰ ਨੇ ਨਹੀਂ ਦਿੱਤੇ ਜਦੋਂ ਕਿ ਹਰਿਆਣਾ, ਕਰਨਾਟਕ, ਰਾਜਸਥਾਨ ਤੇ ਗੁਜਰਾਤ ਸਰਕਾਰਾਂ ਨੇ ਕਿਸਾਨਾਂ ਨੂੰ ਇਹ ਪੈਸੇ ਦੇ ਦਿੱਤੇ ਹਨ। ਸ ਕੁਲਵੰਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਮੁੱਖ ਮੰਤਰੀ ਨਾਲ ਗੱਲ ਕਰਕੇ ਪਲਾਂਟ ‘ਚ ਪੱਕੀ ਭਰਤੀ ਤੇ ਦੁੱਧ ਉਤਪਾਦਕਾਂ ਦੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪੈਸਿਆਂ ਦਾ ਮਸਲਾ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਸਮੱਸਿਆ ਹੋਵੇ ਤਾਂ ਉਹ ਨਿਸੰਗ ਉਹਨਾਂ ਨੂੰ ਮਿਲ ਸਕਦੇ ਹਨ ਤੇ ਫ਼ੋਨ ਵੀ ਕਰ ਸਕਦੇ ਹਨ।ਉਹਨਾਂ ਮਿੱਲਕ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਵਧੀਆ ਢੰਗ ਨਾਲ ਚਲਾਏ ਜਾ ਰਹੇ ਪਲਾਂਟ ਵਾਸਤੇ ਉਹਨਾਂ ਦੀ ਪ੍ਰਸੰਸਾ ਵੀ ਕੀਤੀ।

ਇਸ ਮੌਕੇ ਜੀ ਐਮ ਦੇ ਨਾਲ ਪਲਾਂਟ ਦੇ ਹੋਰ ਅਧਿਕਾਰੀ ਸ੍ਰੀ ਸੰਜੇ ਚੋਪੜਾ ਮੈਨੇਜਰ ਪ੍ਰੋਡਕਸ਼ਨ , ਐਮ ਕੇ ਸ੍ਰੀ ਵਾਸਤਵਾ, ਮੈਨੇਜਰ ਪ੍ਰੋਕਿਊਰਮੈਂਟ, ਸ੍ਰੀ ਅਮਿਤ ਸ਼ਰਮਾ ਮੈਨੇਜਰ ਇੰਜੀਨੀਰਿੰਗ, ਸ੍ਰੀ ਇੰਦਰਜੀਤ ਸਿੰਘ ਮੈਨੇਜਰ, ਕੁਲਵੰਤ ਸਿੰਘ ਪ੍ਰਧਾਨ ਵਰਕਰ ਯੂਨੀਅਨ ਮਿਲਕ ਪਲਾਂਟ, ਸੁਖਦੇਵ ਸਿੰਘ ਪਟਵਾਰੀ ਕੌਂਸਲਰ, ਆਰ ਪੀ ਸ਼ਰਮਾ ਸਾਬਕਾ ਕੌਂਸਲਰ, ਸ੍ਰੀਮਤੀ ਗੁਰਮੀਤ ਕੌਰ ਕੌਂਸਲਰ, ਹਰਵਿੰਦਰ ਸਿੰਘ, ਹਰਮੇਸ਼ ਸਿੰਘ, ਅਰੁਣ ਗੋਇਲ, ਜਸਪਾਲ ਸਿੰਘ ਮਟੌਰ, ਕੁਲਦੀਪ ਸਿੰਘ ਸਮਾਣਾ, ਹਰਸੰਗਤ ਸਿੰਘ, ਅਕਵਿੰਦਰ ਸਿੰਘ ਗੋਸਲ ਤੇ ਸਵਰਨ ਸਿੰਘ ਵੀ ਹਾਜ਼ਰ ਸਨ।























