
ਚੰਡੀਗੜ੍ਹ, 23 ਜੁਲਾਈ (ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਸੀ.ਪੀ.ਏ.) ਨੇ ਨਿਕੋਨ ਪ੍ਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਆਧੁਨਿਕ ਫੋਟੋਗ੍ਰਾਫੀ ਬਾਰੇ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ਦੇ ਬੁਲਾਰੇ l ਨਿਕੋਨ ਕੰਪਨੀ ਦੇ ਨੁਮਾਇੰਦੇ ਰਮਿਤ ਬੱਤਰਾ ਸਨ ਜਿਨ੍ਹਾਂ ਨੇ ਆਧੁਨਿਕ ਕੈਮਰੇ, ਫੋਟੋਗ੍ਰਾਫੀ ਦੀ ਲਾਈਟਿੰਗ ਨਾਲ ਸਬੰਧਤ ਤਕਨੀਕਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।
ਇਸ ਮੌਕੇ ਵਰਕਸ਼ਾਪ ਵਿਚ ਵੱਖ-ਵੱਖ ਬੁਲਾਰਿਆਂ ਨੇ ਆਧੁਨਿਕ ਕੈਮਰਿਆਂ ਦੇ ਨਵੇਂ ਲੈਂਜ ਦੀਆਂ ਬਾਰੀਕੀਆਂ ਬਾਰੇ ਵੀ ਜਾਣੂੰ ਕਰਵਾਇਆ। ਬੁਲਾਰਿਆਂ ਨੇ ਮੌਜੂਦਾ ਦੌਰ ਵਿਚ ਫੋਟੋਗ੍ਰਾਫੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਫੋਟੋਗ੍ਰਾਫੀ ਦੀ ਪ੍ਰੀਭਾਸ਼ਾ ਨੂੰ ਬਹੁਤ ਖੂਬਸੂਰਤ ਬਿਆਨ ਕੀਤਾ ਗਿਆ ਹੈ ਕਿ ‘ਇਕ ਤਸਵੀਰ, ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀ ਹੈ।’ ਇਸ ਕਰਕੇ ਇਕ ਫੋਟੋਗ੍ਰਾਫਰ ਨੂੰ ਸੂਖਮ ਪਹੁੰਚ ਅਪਣਾਉਂਦੇ ਹੋਏ ਤਸਵੀਰ ਦਾ ਵਿਸ਼ਾ, ਚਰਿੱਤਰ, ਤਕਨੀਕ ਅਤੇ ਹੋਰ ਸਾਰੇ ਪਹਿਲੂਆਂ ਨੂੰ ਬਹੁਤ ਬਾਰੀਕੀ ਨਾਲ ਘੋਖਣਾ ਚਾਹੀਦਾ ਹੈ।
ਇਸ ਵਰਕਸ਼ਾਪ ਵਿਚ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਜਨਰਲ ਸਕੱਤਰ ਨਰਿੰਦਰ ਕੁਮਾਰ ਤੋਂ ਇਲਾਵਾ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਨੇ ਇਹ ਵਰਕਸ਼ਾਪ ਕਰਵਾਉਣ ਲਈ ਨਿਕੋਨ ਪ੍ਰਾਈਵੇਟ ਲਿਮਟਡ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ।























