ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਮੰਤਰੀ ਪੱਧਰੀ ਕਮੇਟੀ ਦੀ ਮੀਟਿੰਗ ਕੱਲ੍ਹ ਨੂੰ
ਚੰਡੀਗੜ੍ਹ, 20 ਜੁਲਾਈ(ਵਿਸ਼ਵ ਵਾਰਤਾ)-ਆਮ ਆਦਮੀ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਗਈ ਮੰਤਰੀ ਪੱਧਰ ਦੀ ਤਿੰਨ ਮੈਂਬਰੀ ਕਮੇਟੀ ਨੇ ਅਧਿਕਾਰੀਆਂ ਵੱਲੋਂ ਉਸਨੂੰ ਮੁਲਾਜ਼ਮਾਂ ਦੇ ਪੂਰੇ ਅੰਕੜੇ ਤੇ ਤੱਥ ਪੇਸ਼ ਨਾ ਕਰਨ ‘ਤੇ ਅਧਿਕਾਰੀਆਂ ਨਾਲ ਨਰਾਜ਼ਗੀ ਪ੍ਰਗਟ ਕੀਤੀ ਹੈ। ਪੰਜਾਬ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮੇਟੀ ਦੀ ਬੀਤੇ ਦਿਨ ਹੋਈ ਮੀਟਿੰਗ ‘ਚ ਪੂਰੇ ਤੱਥ ਨਾ ਹੋਣ ਕਾਰਨ ਕਮੇਟੀ ਕੋਈ ਫੈਸਲਾ ਕਰਨ ਤੋਂ ਅਸਮਰੱਥ ਰਹੀ। ਕਮੇਟੀ ਵਿੱਚ ਵਿਤ ਮੰਤਰੀ ਹਰਪਾਲ ਸਿੰਘ ਚੀਮਾ, ਉੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੰਚਾਈ, ਖਨਣ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਨ। ਕਮੇਟੀ ਚਾਹੁੰਦੀ ਸੀ ਕਿ ਮੀਟਿੰਗ ਵਿੱਚ ਸਾਰੇ ਤਰ੍ਹਾਂ ਦੇ ਮੁਲਾਜ਼ਮਾਂ ਦਾ ਡਾਟਾ ਰੱਖਿਆ ਜਾਵੇ ਤਾਂ ਕਿ ਕਮੇਟੀ ਦੇਖ ਸਕੇ ਕਿ ਕਿੰਨੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕਦਾ ਹੈ ਅਤੇ ਕਿੰਨਿਆਂ ਨੂੰ ਨਹੀਂ। ਹੁਣ ਕਮੇਟੀ ਵੱਲੋਂ ਅਗਲੀ ਮੀਟਿੰਗ ਕੱਲ੍ਹ ਯਾਨਿ 21 ਜੁਲਾਈ ਨੂੰ ਰੱਖੀ ਗਈ ਹੈ।
ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ 36000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਹੋਇਆ ਹੈ।























