ਚੰਡੀਗੜ੍ਹ, 3 ਅਪ੍ਰੈਲ (ਵਿਸ਼ਵ ਵਾਰਤਾ)-ਕਾਂਗਰਸ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਧਾਇਕਾਂ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਰਾਕ ਵਿੱਚ ਆਈ.ਐਸ.ਆਈ.ਐਸ ਹੱਥੋਂ ਕਤਲ ਹੋਏ ਵਿਅਕਤੀਆਂ ਦੇ ਪਰਿਵਾਰਾਂ ਲਈ ਮਾਮੂਲੀ ਰਾਹਤ ਐਲਾਨੇ ਜਾਣ ਦੀ ਕਰੜੀ ਨਿੰਦਾ ਕੀਤੀ ਹੈ।
ਇੱਕ ਸਾਂਝੇ ਬਿਆਨ ਵਿੱਚ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਸੁਖਬਿੰਦਰ ਸਿੰਘ ਸਰਕਾਰੀਆ (ਸੁੱਖ ਸਰਕਾਰੀਆ) ਅਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਸ੍ਰੀ ਮੋਦੀ ਵੱਲੋਂ ਐਲਾਨੀ ਗਈ 10 ਲੱਖ ਰੁਪਏ ਸਹਾਇਤਾ ਰਾਸ਼ੀ ਬਹੁਤ ਘੱਟ ਅਤੇ ਦੇਰੀ ਨਾਲ ਲਿਆ ਗਿਆ ਫੈਸਲਾ ਹੈ।
ਉਨ੍ਹਾਂ ਮੰੰਗ ਕੀਤੀ ਕਿ ਹਰੇਕ ਪੀੜਤ ਪਰਿਵਾਰਾਂ ਨੂੰ ਭਾਰਤ ਸਰਕਾਰ ਵੱਲੋਂ ਘੱਟੋ-ਘੱਟ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਹੀ ਇੱਕ ਚਸ਼ਮਦੀਦ ਗਵਾਹ ਵੱਲੋਂ ਇਹ ਦੱਸੇ ਜਾਣ ਦੇ ਬਾਵਜੂਦ ਕਿ ਆਈ.ਐਸ.ਆਈ.ਐਸ ਵੱਲੋਂ ਉਸ ਦੇ ਸਾਰੇ ਸਾਥੀ ਭਾਰਤੀਆਂ ਨੂੰ ਮਾਰ ਦਿੱਤਾ ਗਿਆ ਸੀ,ਭਾਰਤ ਸਰਕਾਰ ਨੇ ਪਹਿਲਾਂ ਇਸ ਦੁਰਘਟਨਾ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ‘ਚ ਝੂਠ ਬੋਲਦੀ ਰਹੀ ਕਿ ਸਾਰੇ ਵਿਅਕਤੀ ਜਿੰਦਾ ਹਨ।
ਕਾਂਗਰਸੀ ਵਿਧਾਇਕਾਂ ਨੇ ਜੋਰ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਵਿਧਾਇਕਾਂ ਨੇ ਸਵਾਲ ਕੀਤਾ ਕਿ ਕਿ ਸ੍ਰੀ ਮੋਦੀ ਸਾਨੂੰ ਦੱਸ ਸਕਦੇ ਹਨ ਕਿ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਝੂਠੀ ਉਮੀਦ ਦੇਣ ਅਤੇ ਦੇਸ਼ ਨੂੰ ਇਹ ਝੂਠ ਬੋਲਣ ਕਿ ਸਾਰੇ ਵਿਅਕਤੀ ਜਿੰਦਾ ਹਨ ਤੋਂ ਇਲਾਵਾ ਹੋਰ ਕੀ ਉਪਰਾਲੇ ਕੀਤੇ ਜਦੋਂ ਕਿ ਇਹ ਸਾਰੇ ਵਿਅਕਤੀ ਬਹੁਤ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇੰਨ੍ਹਾ ਪਰਿਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਕਿਉਂਕਿ ਕਿ ਉਨ੍ਹਾਂ ਨਾਲ ਕੋਈ ਆਮ ਤਰਾਸਦੀ ਨਹੀਂ ਵਾਪਰੀ ਸੀ।
ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਕੀ ਇਸ ਵੱਲੋਂ ਆਪਣੇ ਨਾਗਰਿਕਾਂ ਲਈ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਹਿਦਾਇਤਾਂ ਜਾਰੀ ਕੀਤੀਆਂ ਸਨ ਜੋ ਕਿ ਆਮ ਤੌਰ ‘ਤੇ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੇ ਨਾਗਰਿਕ ਅਜਿਹੀਆਂ ਥਾਵਾਂ ਤੋਂ ਜਾਣ ਤੋਂ ਪਰਹੇਜ਼ ਕਰਨ।
ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨ ਨਾਲ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਵੀ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਕਿ ਲੋਕ ਅਜੇ ਵੀ ਰੋਜ਼ਗਾਰ ਲਈ ਗੜਬੜੀ ਵਾਲੇ ਦੇਸ਼ਾਂ ਵਿੱਚ ਜਾਣ ਲਈ ਜ਼ਿੰਦਗੀ ਦਾਅ ‘ਤੇ ਲਾ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਾਗਰਿਕਾਂ ਦੀ ਜ਼ਿੰਦਗੀ ਦੀ ਕੀਮਤ ਜਾਨਣੀ ਚਾਹੀਦੀ ਹੈ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...