ਆਈਏਐਸ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦਾ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ ਸ਼ੁਰੂ
ਸ਼ਨੀਵਾਰ ਨੂੰ ਗੋਲੀ ਲੱਗਣ ਨਾਲ ਹੋਈ ਸੀ ਮੌਤ;ਪਰਿਵਾਰ ਨੇ ਵਿਜੀਲੈਂਸ ਦੀ ਟੀਮ ਤੇ ਲਗਾਏ ਸਨ ਗੰਭੀਰ ਇਲਜ਼ਾਮ
ਚੰਡੀਗੜ੍ਹ,27 ਜੂਨ(ਵਿਸ਼ਵ ਵਾਰਤਾ)-ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਵਿਜੀਲੈਂਸ ਵੱਲੋਂ ਫੜ੍ਹੇ ਗਏ 2008 ਬੈਚ ਦੇ ਆਈਏਐਸ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ (26) ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ‘ਤੇ ਚੰਡੀਗੜ੍ਹ ਪੁਲਿਸ ਦੇ ਏ.ਡੀ.ਸੀ. ਮੌਕੇ ਤੇ ਪਹੁੰਚੇ ਹਨ। ਇਸ ਦੇ ਨਾਲ ਹੀ ਕਾਰਤਿਕ ਦੀ ਮਾਂ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਦੋਸਤ ਪੀਜੀਆਈ ਦੇ ਮੁਰਦਾਘਰ ਦੇ ਬਾਹਰ ਲਾਸ਼ ਨੂੰ ਲੈਣ ਲਈ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਮੈਡੀਕਲ ਬੋਰਡ ਏਡੀਸੀ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾ ਰਿਹਾ ਹੈ। ਇਸ ਦੇ ਨਾਲ ਹੀ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਪਰਿਵਾਰ ਦੀ ਮੰਗ ਕਾਰਨ ਕਾਰਤਿਕ ਦਾ ਸੈਕਟਰ 16 ਦੇ ਹਸਪਤਾਲ ਦੀ ਬਜਾਏ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ ਕੀਤਾ ਗਿਆ। ਜਿਕਰਯੋਗ ਹੈ ਕਿ ਸ਼ਨੀਵਾਰ ਦੁਪਹਿਰ ਕਰੀਬ 1.45 ਵਜੇ ਪੰਜਾਬ ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਗੋਲੀ ਲੱਗਣ ਕਾਰਨ ਕਾਰਤਿਕ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪਰਿਵਾਰ ਨੇ ਵਿਜੀਲੈਂਸ ਦੀ ਟੀਮ ਤੇ ਗੰਭੀਰ ਇਲਜ਼ਾਮ ਲਗਾਏ ਸਨ। ਹੁਣ ਪੋਸਟਮਾਰਟਮ ‘ਚ ਸਪੱਸ਼ਟ ਹੋਵੇਗਾ ਕਿ ਇਹ ਕਤਲ ਸੀ ਜਾਂ ਖੁਦਕੁਸ਼ੀ। ਜਾਣਕਾਰੀ ਅਨੁਸਾਰ ਪੋਸਟਮਾਰਟਮ ਵਿੱਚ ਫੋਰੈਂਸਿਕ ਮਾਹਿਰ ਵੀ ਸ਼ਾਮਲ ਹੋ ਗਏ ਹਨ।