ਪੰਜਾਬ ਪੁਲਿਸ ਨੇ ਦੁਬਈ ਤੋਂ ਪਰਤੇ ਨੌਜਵਾਨ ਦੇ ਕਤਲ ਦੀ ਗੁੱਥੀ 12 ਘੰਟਿਆਂ ਵਿੱਚ ਸੁਲਝਾਈ
ਪਤਨੀ ਤੇ ਉਸ ਦਾ ਪ੍ਰੇਮੀ ਹੀ ਨਿਕਲੇ ਕਾਤਲ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ, 13 ਜੂਨ (ਵਿਸ਼ਵ ਵਾਰਤਾ) : ਬੀਤੇ ਕੱਲ੍ਹ ਦੁਬਈ ਤੋਂ ਪਰਤੇ ਨੌਜਵਾਨ ਦਾ ਅ੍ਰਮਿਤਸਰ ਵਿਖੇ ਗੋਲੀ ਮਾਰ ਤੇ ਕਤਲ ਕਰ ਦਿੱਤਾ ਗਿਆ ਸੀ, ਇਸ ਕਤਲ ਦਾ ਪੁਲਿਸ ਨੇ 12 ਘੰਟਿਆਂ ਵਿੱਚ ਪਰਦਾਫਾਸ਼ ਕਰ ਦਿੱਤਾ ਹੈ।
ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕਤਲ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਿੰਡ ਕਾਲੇ ਦਾ ਰਹਿਣ ਵਾਲਾ ਹਰਿੰਦਰ ਸਿੰਘ 10-12 ਸਾਲ ਬਾਅਦ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਇੱਥੇ ਉਸ ਨੂੰ ਪਤਾ ਲੱਗਾ ਕਿ ਪਤਨੀ ਸਤਨਾਮ ਕੌਰ ਪਿੰਡ ਦੇ ਹੀ ਅਰਸ਼ਦੀਪ ਸਿੰਘ ਨਾਲ ਸਬੰਧਤ ਹੈ। ਇਸ ਲਈ ਉਹ ਉਸ ‘ਤੇ ਨਜ਼ਰ ਰੱਖਣ ਲੱਗਾ। ਦੂਜੇ ਪਾਸੇ ਸਤਨਾਮ ਕੌਰ ਨੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਇਸ ਦੇ ਬਦਲੇ ਪਿੰਡ ਦੇ ਹੀ ਵਰਿੰਦਰ ਸਿੰਘ ਨੂੰ ਦੋ ਲੱਖ 70 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਤੜਕੇ 3.30 ਵਜੇ ਦੇ ਕਰੀਬ ਹਰਿੰਦਰ ਆਪਣੀ ਪਤਨੀ ਸਤਨਾਮ ਕੌਰ ਅਤੇ ਦੋ ਬੱਚਿਆਂ ਨਾਲ ਮੋਟਰਸਾਈਕਲ ‘ਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ। ਮੋਟਰਸਾਈਕਲ ‘ਤੇ ਸਵਾਰ ਅਰਸ਼ਦੀਪ ਅਤੇ ਵਰਿੰਦਰ ਸਿੰਘ ਨੇ ਹਰਕ੍ਰਿਸ਼ਨ ਨਗਰ ਨੇੜੇ ਦਸਮੇਸ਼ ਗੰਨ ਹਾਊਸ ਨੇੜੇ ਹਰਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਛੇਹਰਟਾ ਪੁਲਸ ਨੇ ਦੋਸ਼ੀ ਪਤਨੀ, ਉਸ ਦੇ ਪ੍ਰੇਮੀ ਅਤੇ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ।























