ਪੰਜਾਬ ਵਿੱਚ ਪੀ.ਪੀ.ਐੱਸ ਤੋਂ ਆਈ.ਪੀ.ਐੱਸ ਤਰੱਕੀ ਘੁਟਾਲੇ ਦੇ ਕੋਰਟ ਆਦੇਸ਼ਾਂ ਦੇ ਬਾਅਦ ਨਵੀਂ ਉਮੀਦ ਜਾਗੀ
ਮਾਨਸਾ 25 ਮਈ : ਭਾਰਤ ਸਰਕਾਰ ਨੇ ਸਾਲ 2010 ਤੋਂ 2018 ਤੱਕ ਉਸ ਵੇਲੇ ਦੀ ਅਕਾਲੀ ਸਰਕਾਰ ਵੱਲੋਂ ਪ੍ਰਮੋਟ ਕੀਤੇ ਗਏ ਆਈ.ਪੀ.ਐੱਸ ਅਧਿਕਾਰੀਆਂ ਦੀ ਸੀਨੀਅਰਟੀ ਵਿੱਚ ਵੱਡਾ ਫੇਰਬਦਲ ਕਰ ਦਿੱਤਾ ਹੈ। ਜਿਸ ਨਾਲ 10 ਸਾਲਾਂ ਬਾਅਦ ਇਨਸਾਫ ਦੀ ਉਮੀਦ ਜਾਗੀ ਹੈ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੇ ਬਾਅਦ ਯੂ.ਪੀ.ਐੱਸ.ਸੀ ਨੇ ਪਿਛਲੇ ਸਾਲ ਪੜਚੋਲ ਮੀਟਿੰਗ ਕੀਤੀ। ਸੂਬੇ ਦੀ ਅਕਾਲੀ ਸਰਕਾਰ ਹੁੰਦੇ ਸਮੇਂ ਭਾਈ-ਭਤੀਜਾ ਵਿਵਾਦ ਨੂੰ ਵਧਾਉਂਦੇ ਹੋਏ 1993 ਬੈਚ ਦੇ ਪੀ.ਪੀ.ਐੱਸ ਅਧਿਕਾਰੀਆਂ ਜਿਨ੍ਹਾਂ ਵਿੱਚ ਨਰਿੰਦਰ ਭਾਰਗਵ, ਰਾਕੇਸ਼ ਕੌਸ਼ਲ, ਮਨਦੀਪ ਸਿੰਘ ਸਿੱਧੂ ਅਤੇ ਰਣਜੀਤ ਸਿੰਘ ਨਾਲ ਧੱਕੇਸ਼ਾਹੀ ਕਰਕੇ ਉਨ੍ਹਾਂ ਦੀ ਸੀਨੀਆਰਤਾ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ। ਜਿਸ ਵਿੱਚ ਚਹੇਤਿਆਂ ਹਰਚਰਨ ਸਿੰਘ ਭੁੱਲਰ, ਗੁਰਮੀਤ ਸਿੰਘ ਚੌਹਾਨ, ਜਸਪ੍ਰੀਤ ਸਿੰਘ ਸਿੱਧੂ, ਨਵੀਨ ਸੈਣੀ ਅਤੇ ਸੁਖਵੰਤ ਗਿੱਲ ਜੋ 1994 ਪੀ.ਪੀ.ਐੱਸ ਬੈਚ ਦੇ ਅਧਿਕਾਰੀ ਸਨ। ਉਨ੍ਹਾਂ ਨੂੰ ਸੀਨੀਅਰ ਬਣਾ ਕੇ ਆਈ.ਪੀ.ਐੱਸ ਵਿੱਚ ਤਰੱਕੀ ਦੇ ਦਿੱਤੀ ਗਈ। ਸਰਕਾਰ ਦੇ ਇਸ ਫੈਸਲੇ ਦੇ ਬਾਅਦ ਮਾਨਯੋਗ ਹਾਈਕੋਰਟ ਨੇ ਪੰਜਾਬ ਸਰਕਾਰ, ਯੂ.ਪੀ.ਐੱਸ.ਸੀ ਅਤੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ 1993 ਬੈਚ ਦੇ ਅਧਿਕਾਰੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦੇ ਕੇ ਆਈ.ਪੀ.ਐੱਸ ਪ੍ਰਮੋਟ ਕੀਤਾ ਜਾਵੇ, ਜਿਸ ਦੇ ਇਲਾਵਾ ਇਨ੍ਹਾਂ ਨਿਯਮਾਂ ਅਤੇ ਸੀਨੀਆਰਤਾ ਨੂੰ ਅੱਖੋਂ-ਪਰੋਖੇ ਕਰਕੇ ਆਈ.ਪੀ.ਐੱਸ ਬਣਾਇਆ ਗਿਆ ਹੈ। ਉਨ੍ਹਾਂ ਨੂੰ ਸੀਨੀਆਰਤਾ ਦੇ ਮੁਤਾਬਕ ਰੱਖਿਆ ਜਾਵੇ। ਇਸ ਉਦੇਸ਼ ਦਾ ਪਾਲਣ ਕਰਦੇ ਹੋਏ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਹਰਚਰਨ ਸਿੰਘ ਭੁੱਲਰ ਨੂੰ 2007 ਦੀ ਥਾਂ 2009 ਦੀ ਸੀਨੀਆਰਤਾ, ਸੁਖਵੰਤ ਸਿੰਘ ਗਿੱਲ ਨੂੰ 2008 ਦੀ ਥਾਂ 2010 ਦੀ ਸੀਨੀਆਰਤਾ, ਗੁਰਮੀਤ ਸਿੰਘ ਚੌਹਾਨ, ਜਸਪ੍ਰੀਤ ਸਿੰਘ ਸਿੱਧੂ ਅਤੇ ਨਵੀਨ ਸੈਣੀ ਨੂੰ 2008 ਦੀ ਥਾਂ 2011 ਸੀਨੀਆਰਤਾ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਮਨਦੀਪ ਸਿੱਧੂ, ਨਰਿੰਦਰ ਭਾਰਗਵ ਅਤੇ ਰਣਜੀਤ ਸਿੰਘ ਨੂੰ 2008 ਦੀ ਆਈ.ਪੀ.ਐੱਸ ਬੈਚ ਦੀ ਸੀਨੀਆਰਤਾ ਦਿੱਤੀ ਗਈ ਹੈ ਜੋ 2008 ਦੀ ਸਿੱਧੀ ਭਰਤੀ ਦੇ ਆਈ.ਪੀ.ਐੱਸ ਅਧਿਕਾਰੀਆਂ ਨੂੰ ਪਿਛਲੇ ਮਹੀਨੇ ਪ੍ਰਮੋਟ ਕੀਤਾ ਗਿਆ ਹੈ ਅਤੇ ਮਨਦੀਪ ਸਿੱਧੂ, ਨਰਿੰਦਰ ਭਾਰਗਵ ਅਤੇ ਰਣਜੀਤ ਸਿੰਘ ਬਤੌਰ ਡੀ.ਆਈ.ਜੀ ਕਿਸੇ ਵੇਲੇ ਵੀ ਤਰੱਕੀ ਹੋ ਸਕਦੀ ਹੈ। 2010 ਤੋਂ 2018 ਦੀ ਲਿਸਟ ਵਿੱਚ ਕੁਝ ਹੋਰ ਅਧਿਕਾਰੀਆਂ ਦੀ ਸੀਨੀਆਰਤਾ ਵਿੱਚ ਵੀ ਫੇਰ ਬਦਲ ਹੋਇਆ ਹੈ। ਇਸ ਫੈਸਲੇ ਨਾਲ ਅਕਾਲੀ ਸਰਕਾਰ ਦੇ ਸਮੇਂ ਪੰਜਾਬ ਪੁਲਿਸ ਦੇ ਪੀ.ਪੀ.ਐੱਸ ਕਾਡਰ ਦੇ ਅਧਿਕਾਰੀਆਂ ਵਿੱਚ ਜੋ ਵੱਡਾ ਘੁਟਾਲਾ ਹੋਇਆ ਹੈ। ਉਸ ਵਿੱਚ ਸਹੀ ਫੈਸਲਾ ਆਉਂਦੇ ਹੋਏ ਸੀਨੀਆਰਤਾ ਮਿਲਣ ਤੇ 10 ਸਾਲਾਂ ਬਾਅਦ ਇਨਸਾਫ ਮਿਲਣ ਦੀ ਉਮੀਦ ਜਾਗੀ ਹੈ। ਇਸ ਨਾਲ ਇਸ ਕੇਡਰ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਸ ਅਦਾਲਤੀ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।























