ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਗੈਰ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟਣੇ ਸ਼ੁਰੂ
10 ਹਜ਼ਾਰ ਤੱਕ ਦੇ ਜੁਰਮਾਨੇ ਦਾ ਕਰਨਾ ਪੈ ਸਕਦਾ ਹੈ ਸਾਹਮਣਾ
ਚੰਡੀਗੜ੍ਹ,3 ਮਈ(ਵਿਸ਼ਵ ਵਾਰਤਾ)-ਇੱਕ ਮਹੀਨਾ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਨੂੰ ਚਲਾਉਣ ਤੋਂ ਬਾਅਦ, ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਬੀਤੇ ਕੱਲ੍ਹ ਤੋਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (ਐਚਐਸਆਰਪੀ) ਤੋਂ ਬਿਨਾਂ ਚੱਲਣ ਵਾਲੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ। ਪਹਿਲੇ ਦਿਨ 16 ਵਾਹਨਾਂ ਦੇ ਚਲਾਨ ਕੱਟੇ ਗਏ ਹਨ। ਟਰੈਫਿਕ ਪੁਲੀਸ ਅਨੁਸਾਰ ਫਿਲਹਾਲ ਚੰਡੀਗੜ੍ਹ ਵਿੱਚ ਰਜਿਸਟਰਡ ਵਾਹਨਾਂ ਦੇ ਹੀ ਚਲਾਨ ਕੀਤੇ ਜਾਣਗੇ। ਜਿਕਰਯੋਗ ਹੈ ਕਿ ਕਿ ਚਾਰ ਪਹੀਆ ਵਾਹਨ ਚਾਲਕਾਂ ਨੂੰ ਪਹਿਲੀ ਵਾਰ ₹5,000 ਅਤੇ ਦੂਜੀ ਵਾਰ ₹10,000 ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਜਦੋਂਕਿ ਦੋਪਹੀਆ ਵਾਹਨਾਂ ਲਈ, ਜੁਰਮਾਨੇ ਦੀ ਰਕਮ ਕ੍ਰਮਵਾਰ ₹3,000 ਅਤੇ ₹5,000 ਹੈ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਨਵੀਂ ਦਿੱਲੀ ਦੁਆਰਾ ਜਾਰੀ ਆਦੇਸ਼ਾਂ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਦੇ ਨਿਯਮ 50 ਵਿੱਚ ਕੀਤੀ ਗਈ ਸੋਧ ਦੇ ਅਨੁਸਾਰ, HSRPs ਅਤੇ ਤੀਜਾ ਰਜਿਸਟ੍ਰੇਸ਼ਨ ਚਿੰਨ੍ਹ (ਰੰਗ-ਕੋਡਿਡ ਸਟਿੱਕਰ) ਲਗਾਉਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ HSRP ਅਤੇ ਰੰਗ-ਕੋਡ ਵਾਲਾ ਸਟਿੱਕਰ ਲਗਾਉਣ ਲਈ ਅਰਜ਼ੀਆਂ ਪੁਰਾਣੇ ਵਾਹਨਾਂ ਲਈ ਰਿਹਾਇਸ਼ੀ ਪਤੇ ਦੇ ਅਨੁਸਾਰ ਸਬੰਧਤ SDM ਦਫਤਰਾਂ ਦੇ RLA ਕਾਊਂਟਰ ‘ਤੇ ਅਤੇ ਨਵੇਂ ਵਾਹਨਾਂ ਲਈ ਡੀਲਰ ਪੁਆਇੰਟ ‘ਤੇ ਜਮ੍ਹਾ ਕੀਤੀਆਂ ਜਾ ਸਕਦੀਆਂ ਹਨ। ਨਾਗਰਿਕ ਵੈੱਬਸਾਈਟ http://www.testsecurityplates.com ‘ਤੇ ਆਨਲਾਈਨ ਵੀ ਇਸ ਸੇਵਾ ਦਾ ਲਾਭ ਲੈ ਸਕਦੇ ਹਨ।























