ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦੁਆਰਾ ਰਸਾਇਣਕ ਖੇਤੀ ਬਾਰੇ ਕਿਸਾਨਾਂ ਵਿਰੁੱਧ ਗੁੰਮਰਾਹਕੁੰਨ ਝੂਠੇ ਪ੍ਰਚਾਰ ਦੀ ਸਖ਼ਤ ਨਿੰਦਾ
ਚੰਡੀਗੜ੍ਹ ,26 ਅਪ੍ਰੈਲ (ਵਿਸ਼ਵ ਵਾਰਤਾ ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੇਂਦਰੀ ਖੇਤੀ ਮੰਤਰੀ ਸ੍ਰੀ ਨਰੇਂਦਰ ਤੋਮਰ ਦੁਆਰਾ ਦੇਸ਼ ਦੇ ਕਿਸਾਨਾਂ ਉੱਤੇ ਰਸਾਇਣਕ ਖੇਤੀ ਰਾਹੀਂ ਦੇਸ਼ਵਾਸੀਆਂ ਨੂੰ ਜ਼ਹਿਰੀਲੇ ਖਾਧ ਪਦਾਰਥ ਖੁਆਉਣ ਵਾਲੇ ਬਿਆਨ ਨੂੰ ਸਰਾਸਰ ਗੁੰਮਰਾਹਕੁੰਨ ਤੇ ਝੂਠਾ ਪ੍ਰਚਾਰ ਗਰਦਾਨਦੇ ਹੋਏ ਇਸ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਸੰਬੰਧੀ ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਅਸਲ ਵਿੱਚ ਫੋਰਡ ਫਾਊਂਡੇਸ਼ਨ ਦੁਆਰਾ ਪ੍ਰਸਤਾਵਿਤ ਸੰਸਾਰ ਬੈਂਕ ਦਾ ਰਸਾਇਣਕ ਜ਼ਹਿਰਾਂ ਵਾਲ਼ਾ ਖੇਤੀ ਮਾਡਲ ‘ਹਰਾ ਇਨਕਲਾਬ’ ਤਾਂ ਬਦਲ ਬਦਲ ਕੇ ਆਈਆਂ ਸਰਕਾਰਾਂ ਵੱਲੋਂ ਹਰ ਕਿਸਮ ਦੀ ਵਿਭਿੰਨਤਾ ਵਾਲੀ ਕੁਦਰਤੀ ਖੇਤੀ ਕਰ ਰਹੇ ਦੇਸ਼ ਦੇ ਕਿਸਾਨਾਂ ਸਿਰ ਗਿਣੀ-ਮਿਥੀ ਸਕੀਮ ਰਾਹੀਂ ਮੜ੍ਹਿਆ ਗਿਆ ਸੀ। ਕਿਉਂਕਿ ਸਾਮਰਾਜੀ ਕਾਰਪੋਰੇਟਾਂ ਦੁਆਰਾ ਪੈਦਾ ਕੀਤੀਆਂ ਰਸਾਇਣਕ ਖਾਦਾਂ ਅਤੇ ਨਵੇਂ ਬੀਜਾਂ ਦੇ ਨਾਲ਼ ਭੇਜੇ ਗਏ ਗੁੱਲੀਡੰਡਾ/ਮੱਢਲ ਵਰਗੇ ਨਦੀਨਾਂ ਦੇ ਨਾਸ਼ ਲਈ ਜ਼ਹਿਰੀਲੇ ਨਦੀਨਨਾਸ਼ਕਾਂ ਖ਼ਾਤਰ ਸਾਡਾ ਵਿਸ਼ਾਲ ਖੇਤੀ ਰਕਬਾ ਬਹੁਤ ਵੱਡੀ ਮੰਡੀ ਸੀ। ਇਸ ਤਰ੍ਹਾਂ ਕੁਦਰਤੀ ਖੇਤੀ ਦੇ ਜ਼ਹਿਰ-ਮੁਕਤ ਮਾਡਲ ਦੀ ਥਾਂ ਮਿੱਟੀ ਪਾਣੀ ਪਲੀਤ ਕਰਨ ਵਾਲਾ ਇਹ ਜ਼ਹਿਰੀਲਾ ਖੇਤੀ ਮਾਡਲ ਲਾਗੂ ਕਰਨ ਲਈ ਕਿਸਾਨ ਨਹੀਂ ਸਗੋਂ ਸਾਮਰਾਜੀਆਂ ਦੇ ਅਨਿਨ ਸੇਵਕ ਖੁਦ ਇਨ੍ਹਾਂ ਸਰਕਾਰਾਂ ਦੇ ਮੁਖੀਏ ਰਾਜਨੀਤਕ ਆਗੂ ਹੀ ਜ਼ਿੰਮੇਵਾਰ ਹਨ।
ਸ੍ਰੀ ਤੋਮਰ ਦਾ ਇਹ ਕਹਿਣਾ ਵੀ ਕੋਰਾ ਝੂਠ ਹੈ ਕਿ ਕਿਸਾਨ ਜ਼ਹਿਰ ਯੁਕਤ ਫ਼ਸਲ ਵੇਚਦੇ ਹਨ ਪਰ ਆਪ ਨਹੀਂ ਖਾਂਦੇ। ਕਿਉਂਕਿ ਦਹਾਕਿਆਂ ਬੱਧੀ ਜ਼ਹਿਰੀਲੇ ਰਸਾਇਣਾਂ ਨਾਲ ਭਰੀ ਗਈ ਮਿੱਟੀ ਅਤੇ ਪ੍ਰਦੂਸ਼ਿਤ ਪਾਣੀ ਨਾਲ ਜ਼ਹਿਰ-ਮੁਕਤ ਫ਼ਸਲ ਉਗਾਈ ਜਾਣੀ ਸੰਭਵ ਹੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਝੂਠੇ ਬਿਆਨਾਂ ਰਾਹੀਂ ਕੇਂਦਰੀ ਭਾਜਪਾ ਸਰਕਾਰ ਆਪਣੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਜਾਇਜ਼ ਠਹਿਰਾਉਣਾ ਚਾਹੁੰਦੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਰੇ ਇਨਕਲਾਬ ਦੇ ਇਸ ਜ਼ਹਿਰੀਲੇ ਖੇਤੀ ਮਾਡਲ ਨੇ ਕਾਰਪੋਰੇਟਾਂ ਦੇ ਅੰਨ੍ਹੇ ਮੁਨਾਫਿਆਂ ਰਾਹੀਂ ਖੇਤੀ ਲਾਗਤਾਂ ਵਿੱਚ ਬੇਹਿਸਾਬ ਵਾਧਾ ਕਰਕੇ ਕਿਸਾਨਾਂ ਨੂੰ ਬੇਹੱਦ ਭਾਰੀ ਕਰਜ਼ਿਆਂ ਥੱਲੇ ਦੱਬ ਕੇ ਲੱਖਾਂ ਦੀ ਤਾਦਾਦ ਵਿੱਚ ਖੁਦਕੁਸ਼ੀਆਂ ਦੇ ਮੂੰਹ ਧੱਕਿਆ ਹੈ ਅਤੇ ਇਹ ਕੁਲਹਿਣਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿੱਤ ਨਵੇਂ ਕਿਸਾਨ ਮਾਰੂ ਫੈਸਲੇ ਕੀਤੇ ਜਾ ਰਹੇ ਹਨ।
ਇਸੇ ਲੜੀ ਤਹਿਤ ਮੌਸਮ ਦੀ ਅਚਾਨਕ ਤਬਦੀਲੀ ਕਾਰਨ ਕਣਕ ਦੇ ਝਾੜ ਵਿੱਚ ਪਏ ਭਾਰੀ ਘਾਟੇ ਦਾ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਮੰਨਣ ਦੀ ਥਾਂ ਪਿਚਕੇ ਦਾਣਿਆਂ ਦੇ ਬਹਾਨੇ ਹੇਠ ਐਫ ਸੀ ਆਈ ਦੁਆਰਾ ਕਣਕ ਦੀ ਖਰੀਦ ਠੱਪ ਕਰ ਕੇ ਉਲਟੀ ਕਿਸਾਨਾਂ ਨੂੰ ਸਜ਼ਾ ਦੇ ਦਿੱਤੀ ਗਈ ਹੈ। ਡੀਏਪੀ ਖਾਦ ਦੇ ਰੇਟ 300 ਰੁਪਏ ਪ੍ਰਤੀ ਕੁਇੰਟਲ ਵਧਾ ਕੇ ਪੰਜਾਬ ਦੇ ਕਿਸਾਨਾਂ ਉੱਤੇ ਸਾਲਾਨਾ 240 ਕ੍ਰੋੜ ਰੁਪਏ ਦਾ ਭਾਰੀ ਬੋਝ ਹੋਰ ਲੱਦ ਦਿੱਤਾ ਗਿਆ ਹੈ। ਪਹਿਲਾਂ ਹੀ ਕਰਜ਼ਿਆਂ ਦੇ ਭਾਰੀ ਬੋਝ ਥੱਲੇ ਪਿਸ ਰਹੇ ਕਿਸਾਨਾਂ ਮਜ਼ਦੂਰਾਂ ਉੱਤੇ ਅਜਿਹਾ ਬੋਝ ਹੋਰ ਵਧੇਰੇ ਜਾਨਲੇਵਾ ਸਾਬਿਤ ਹੋਵੇਗਾ।
ਸਾਰੀਆਂ ਫਸਲਾਂ ਦੀ ਐਮ ਐੱਸ ਪੀ ‘ਤੇ ਖਰੀਦ ਦੀ ਕਾਨੂੰਨੀ ਗਰੰਟੀ ਵਾਲੀ ਮੰਗ ਬਾਰੇ ਲਿਖਤੀ ਫੈਸਲੇ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਵਾਲੀਆਂ ਸ਼ਰਤਾਂ ਅਤੇ ਕਿਸਾਨਾਂ ਦੀ ਢੁੱਕਵੀਂ ਨੁਮਾਇੰਦਗੀ ਵਾਲੀ ਉੱਚ ਪੱਧਰੀ ਕਮੇਟੀ ਦੇ ਗਠਨ ਬਾਰੇ ਵੀ ਕੇਂਦਰ ਸਰਕਾਰ ਲਗਾਤਾਰ ਟਾਲਮਟੋਲ ਕਰ ਰਹੀ ਹੈ। ਅੰਦੋਲਨਕਾਰੀ ਕਿਸਾਨਾਂ ਮਜ਼ਦੂਰਾਂ ਸਿਰ ਮੜ੍ਹੇ ਪੁਲਿਸ ਕੇਸ ਰੱਦ ਕਰਨ, ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਅੰਦੋਲਨ ਦੌਰਾਨ ਸ਼ਹੀਦ ਹੋਏ ਸਮੂਹ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਤੁਰੰਤ ਦੇਣ ਵਰਗੀਆਂ ਪ੍ਰਵਾਨਤ ਹੱਕੀ ਮੰਗਾਂ ਲਾਗੂ ਕਰਨ ਬਾਰੇ ਵੀ ਲਗਾਤਾਰ ਟਾਲਮਟੋਲ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਜਾਨਹੂਲਵੇਂ ਘੋਲ਼ ਰਾਹੀਂ ਰੱਦ ਕਰਵਾਏ ਕਾਲੇ ਖੇਤੀ ਕਾਨੂੰਨ ਵੀ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਲਿਆਉਣ ਦੇ ਇਰਾਦੇ ਵੀ ਗੁੱਝੇ ਨਹੀਂ ਰਹੇ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਵਿਰੁੱਧ ਅਜਿਹੀ ਇਖਲਾਕ-ਹੀਣ ਬਿਆਨਬਾਜ਼ੀ ਬੰਦ ਨਾ ਕੀਤੀ ਗਈ, ਕਿਸਾਨਾਂ ਦੇ ਉਕਤ ਭਖਦੇ ਮਸਲੇ ਤੁਰੰਤ ਹੱਲ ਨਾ ਕੀਤੇ ਗਏ ਅਤੇ ਕਾਲ਼ੇ ਖੇਤੀ ਕਾਨੂੰਨ ਮੁੜ ਲਿਆਉਣ ਦੇ ਯਤਨ ਕੀਤੇ ਗਏ ਤਾਂ ਕੇਂਦਰ ਸਰਕਾਰ ਵਿਰੁੱਧ ਮੁੜ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਬਿਆਨ ਦੇ ਅਖੀਰ ਵਿੱਚ ਸਮੂਹ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਇਸ ਅੰਦੋਲਨ ਦੀ ਤਿਆਰੀ ਲਈ ਕਮਰਕੱਸੇ ਕੱਸ ਲਏ ਜਾਣ। ਫੰਡਾਂ ਦੇ ਪਿਛਲੇ ਹਿਸਾਬ ਕਿਤਾਬ ਜਨਤਕ ਕਰਕੇ ਛਿਮਾਹੀ ਫੰਡ ਮੁਹਿੰਮ ਤੁਰੰਤ ਸ਼ੁਰੂ ਕੀਤੀ ਜਾਵੇ।























