ਗੈਂਗਸਟਰ ਵਿਰੋਧੀ ਟਾਸਕ ਫੋਰਸ ਤੇ ਸ਼੍ਰੋਮਣੀ ਅਕਾਲੀ ਦਲ(ਅ) ਦਾ ਬਿਆਨ
ਚੰਡੀਗੜ੍ਹ,11ਅਪ੍ਰੈਲ ( ਵਿਸ਼ਵ ਵਾਰਤਾ ) ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕਰਨ ਵਾਲੇ ਅਤੇ ਹੋਰ ਅਪਰਾਧਿਕ ਕਾਰਵਾਈਆਂ ਕਰਨ ਵਾਲੇ ਗੈਂਗਸਟਰਾਂ ਦੇ ਕੰਮ ਨੂੰ ਖਤਮ ਕਰਨ ਲਈ ਬਣਾਈ ਗਈ ਟਾਸਕ ਫੋਰਸ ਦਾ ਫੈਸਲਾ ਦਰੁਸਤ ਹੈ, ਪਰ ਜੋ ਅਪਰਾਧਿਕ ਕੰਮ ਕਰਨ ਵਾਲੇ ਗੈਂਗਸਟਰ ਇਸ ਗਲਤ ਕੰਮ ਵਿਚ ਰੁੱਝੇ ਹੋਏ ਹਨ, ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਰੀਰਕ ਤੌਰ ਤੇ ਖਤਮ ਕਰਨ ਦੀ ਇਜਾਜਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਨਹੀਂ ਦੇਵੇਗਾ । ਉਨ੍ਹਾਂ ਨੂੰ ਸਹੀ ਰਸਤੇ ਤੇ ਲਿਆਉਣ ਲਈ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੀਆਂ ਸਖਸ਼ੀਅਤ ਦੀ ਅਗਵਾਈ ਹੇਠ ਸਰਕਾਰ ਵੱਲੋਂ ਇਕ ਕਮੇਟੀ ਤੁਰੰਤ ਕਾਇਮ ਹੋਣੀ ਚਾਹੀਦੀ ਹੈ, ਜੋ ਇਨ੍ਹਾਂ ਗੈਂਗਸਟਰਾਂ ਨਾਲ ਖੁੱਲ੍ਹੀ ਗੱਲਬਾਤ ਕਰਕੇ, ਉਨ੍ਹਾਂ ਨੂੰ ਇਸ ਅਪਰਾਧਿਕ ਕਾਰਵਾਈਆਂ ਦੇ ਰਸਤਿਆਂ ਉਤੋਂ ਵਾਪਸ ਮੋੜਨ ਅਤੇ ਇਕ ਚੰਗੇ ਸ਼ਹਿਰੀਆਂ ਦੀ ਤਰ੍ਹਾਂ ਜਿੰਦਗੀ ਜਿਊਂਣ ਦਾ ਮੌਕਾ ਪ੍ਰਦਾਨ ਕਰ ਸਕੇ । ਅਜਿਹਾ ਕਰਨ ਲਈ ਇਨ੍ਹਾਂ ਗੈਂਗਸਟਰਾਂ ਨੂੰ ਉਪਰੋਕਤ ਬਣਨ ਵਾਲੀ ਕਮੇਟੀ ਨਾਲ ਗੱਲਬਾਤ ਕਰਨ ਲਈ ਘੱਟੋ-ਘੱਟ 15 ਦਿਨ ਦਾ ਸਮਾਂ ਦੇਣਾ ਚਾਹੀਦਾ ਹੈ,
ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਨ੍ਹਾਂ ਵਿਚਾਰਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਕਿਹਾ ਕਿ ਸ. ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਗੈਰ-ਅਪਰਾਧਿਕ ਕਾਰਵਾਈਆਂ ਨੂੰ ਮੁਕੰਮਲ ਤੌਰ ਤੇ ਠੱਲ੍ਹ ਪਾਉਣ ਲਈ ਬਣਾਈ ਗਈ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਟਾਸਕ ਫੋਰਸ ਦੇ ਗਠਨ ਦਾ ਸਵਾਗਤ ਕਰਦੇ ਹੋਏ, ਝੂਠੇ ਪੁਲਿਸ ਮੁਕਾਬਲਿਆਂ ਦੀ ਬਿੱਲਕੁਲ ਵੀ ਇਜਾਜਤ ਨਾ ਦੇਣ ਅਤੇ ਇਨ੍ਹਾਂ ਗੈਂਗਸਟਰਾਂ ਨਾਲ ਗੱਲਬਾਤ ਕਰਨ ਲਈ ਅਤੇ ਉਨ੍ਹਾਂ ਦੀ ਕਾਨੂੰਨੀ ਤੌਰ ਤੇ ਮਦਦ ਕਰਨ ਲਈ ਸੂਝਵਾਨ ਕਾਨੂੰਨਦਾਨਾਂ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਾਰਕੁਨਾਂ ਦੀ ਅਗਵਾਈ ਹੇਠ ਕਮੇਟੀ ਬਣਾਉਣ ਅਤੇ ਇਸ ਅਮਲ ਨੂੰ 15 ਦਿਨ ਦਾ ਸੁਰੱਖਿਆ ਸਮਾਂ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਤਾਂ ਜੋ ਇਨ੍ਹਾਂ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਕੰਮਾਂ ਵਿੱਚ ਵਰਤੋਂ ਕਰਦੇ ਹੋਏ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ।