ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਨੂੰ ਮਿਲਿਆ ਮਰਨਉਪਰੰਤ ਪਦਮ ਸ਼੍ਰੀ ਪੁਰਸਕਾਰ
ਚੰਡੀਗੜ੍ਹ,29ਮਾਰਚ(ਵਿਸ਼ਵ ਵਾਰਤਾ)-ਕਲਗੀਧਰ ਟ੍ਰਸਟ, ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਵਿਦਿਆ ਮਾਰਤੰਡ ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਨੂੰ ਬੀਤੇ ਦਿਨ 28 ਮਾਰਚ ਨੂੰ ਮਰਨਉਪਰੰਤ ਪਦਮ ਸ਼੍ਰੀ ਪੁਰਸਕਾਰ ਮਿਲਿਆ ਹੈ। ਇਹ ਰਾਸ਼ਟਰੀ ਸਨਮਾਨ ਕਲਗੀਧਰ ਟ੍ਰਸਟ, ਬੜੂ ਸਾਹਿਬ ਦੇ ਮੌਜੂਦਾ ਪ੍ਰਧਾਨ ਡਾ: ਦਵਿੰਦਰ ਸਿੰਘ ਜੀ ਨੇ ਪ੍ਰਾਪਤ ਕੀਤਾ। ਸੰਤ ਬਾਬਾ ਇਕਬਾਲ ਸਿੰਘ ਨੂੰ ਸਮਾਜ ਸੇਵਾ ਲਈ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਇਸ ਐਲਾਨ ਤੋਂ ਤਿੰਨ ਦਿਨ ਬਾਅਦ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਸੰਤ ਬਾਬਾ ਇਕਬਾਲ ਸਿੰਘ ਦਾ ਜ਼ਿਆਦਾਤਰ ਸਮਾਂ ਹਿਮਾਚਲ ਦੇ ਬੜੂ ਸਾਹਿਬ ਵਿਖੇ ਬੀਤਿਆ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਨੌਕਰੀ ਕੀਤੀ ਅਤੇ ਸਾਲ 1986 ਵਿੱਚ ਹਿਮਾਚਲ ਪ੍ਰਦੇਸ਼ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਸ ਤੋਂ ਬਾਅਦ ਉਨ੍ਹਾਂ ਦਾ ਸਾਰਾ ਜੀਵਨ ਸਿਖਿਆ, ਅਧਿਆਤਮਿਕਤਾ ਅਤੇ ਸਮਾਜ ਸੇਵਾ ਦੇ ਪ੍ਰਸਾਰ ਵਿੱਚ ਬੀਤਿਆ।
ਗੌਰਤਲਬ ਹੈ ਕਿ ਸੰਤ ਬਾਬਾ ਇਕਬਾਲ ਸਿੰਘ ਨੇ ਬੜੂ ਸਾਹਿਬ ਵਿਖੇ ਸਿਰਫ 5 ਵਿਦਿਆਰਥੀਆਂ ਨਾਲ ਅਕਾਲ ਅਕੈਡਮੀ ਦੀ ਸਥਾਪਨਾ ਕੀਤੀ ਸੀ ਉਹ ਅੱਜ ਉੱਤਰੀ ਭਾਰਤ ਦੇ 5 ਰਾਜਾਂ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 70 ਹਜ਼ਾਰ ਨੂੰ ਮਨੁੱਖੀ ਗੁਣਾਂ ‘ਤੇ ਅਧਾਰਿਤ ਆਧੁਨਿਕ ਵਿਗਿਆਨਿਕ ਵਿਦਿਆ ਪ੍ਰਦਾਨ ਕਰਦੀ ਹੋਈ 129 ਅਕਾਲ ਅਕੈਡਮੀਆਂ ਦੀ ਇੱਕ ਮਸ਼ਾਲ ਬਣ ਚੁੱਕੀ ਹੈ।
ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਕਲਗੀਧਰ ਟ੍ਰਸਟ, ਬੜੂ ਸਾਹਿਬ ਦੀਆਂ ਦੋ ਯੂਨੀਵਰਸਿਟੀਆਂ ਸਫਲਤਾਪੂਰਵਰ ਚਲ ਰਹੀਆਂ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ-ਛੁਡਾਊ ਕੇਂਦਰਾਂ ਰਾਹੀਂ ਵੀ ਸਮਾਜ-ਭਲਾਈ ਦਾ ਕੰਮ ਕੀਤਾ ਜਾ ਰਿਹਾ ਹੈ, ਇਸਦੇ ਨਾਲ ਹੀ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਲਈ ਕਈ ਸਿਖਲਾਈ ਕੇਂਦਰ ਵੀ ਚਲਾਏ ਜਾ ਰਹੇ ਹਨ।























