ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਹੁਣ ਲਾਗੂ ਹੋਣਗੇ ਸੈਂਟਰ ਸਰਵਿਸ ਰੂਲਜ਼
ਚੰਡੀਗੜ੍ਹ,28ਮਾਰਚ(ਵਿਸ਼ਵ ਵਾਰਤਾ) ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਦਿਨ ਚੰਡੀਗੜ੍ਹ ਦੌਰੇ ਆਏ ਸਨ । ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਚੰਡੀਗੜ੍ਹ ਮੁਲਾਜ਼ਮਾਂ ਨੂੰ ਕਈ ਤੋਹਫੇ ਵੀ ਦਿੱਤੇ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਹੁਣ ਕੇਂਦਰ ਦੇ ਸਰਵਿਸ ਰੂਲਜ਼ ਲਾਗੂ ਹੋਣਗੇ ਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਪੰਜਾਬ ਸਰਵਿਸ ਰੂਲਜ਼ ਲਾਗੂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਹੁਣ 58 ਦੀ ਬਜਾਏ 60 ਸਾਲ ਹੋ ਜਾਵੇਗੀ, ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਦੇ ਸਾਰੇ ਮੁਲਾਜ਼ਮਾਂ ਦੀ ਉਮਰ 60 ਦੀ ਬਜਾਏ 65 ਸਾਲ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮਹਿਲਾ ਮੁਲਾਜ਼ਮਾਂ ਨੂੰ ਚਾਇਲਡ ਕੇਅਰ ਲਈ ਇਕ ਸਾਲ ਦੀ ਛੁੱਟੀ ਮਿਲਦੀ ਸੀ ਹੁਣ ਉਹ 2 ਸਾਲ ਦੀ ਹੋ ਜਾਵੇਗੀ। ਇਸ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਅਗਲੇ ਮਹੀਨੇ ਤੋਂ ਫਾਇਦਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਆਧੁਨਿਕ ਤਕਨੀਕ ਅਪਣਾਈ ਜਾਵੇਗੀ। ਜੇ ਕੋਈ ਵੀ ਵਾਹਨ ਵਾਲਾ ਟ੍ਰੈਫਿਕ ਨਿਯਮ ਤੋੜਦਾ ਹੈ ਤਾਂ ਕੈਮਰਿਆਂ ਰਾਹੀਂ ਚਲਾਨ ਉਨ੍ਹਾਂ ਦੇ ਘਰ ਪੁੱਜ ਜਾਵੇਗਾ। ਇਸ ਤੋਂ ਇਲਾਵਾ ਕੂੜਾ ਇਕੱਠਾ ਕਰਨ ਸਬੰਧੀ ਵੀ ਉੱਚ ਪੱਧਰੀ ਤਕਨੀਕ ਵਰਤੀ ਜਾਵੇਗੀ।























