ਪੰਜਾਬੀ ਨੂੰ ਸਮੇਂ ਦੀ ਹਾਣ ਦੀ ਬਣਾਇਆ ਜਾਵੇ- ਡਾ: ਅਰਵਿੰਦ
ਪੰਜਾਬੀ ਦੀਆਂ ਤਿੰਨ ਕਿਤਾਬਾਂ ਕੀਤੀਆਂ ਲੋਕ ਅਰਪਣ

ਸੁਲਤਾਨਪੁਰ ਲੋਧੀ, 26 ਮਾਰਚ(ਵਿਸ਼ਵ ਵਾਰਤਾ)-ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਰਵਿੰਦ ਨੇ ਕਿਹਾ ਕਿ ਪੰਜਾਬੀ ਨੂੰ ਸਮੇਂ ਦੀ ਹਾਣ ਦੀ ਬਣਾਇਆ ਜਾਵੇ। ਉਹ ਅੱਜ ਇੱਥੇ ਪਵਿੱਤਰ ਵੇਈਂ ਕਿਨਾਰੇ ਨਿਰਮਲ ਕੁਟੀਆ ਵਿੱਚ ਓਨਟਾਰੀਓ ਫਰੈਂਡਸ ਕਲੱਬ (ਓਐਫਸੀ) ਕਨੇਡਾ ਵੱਲੋਂ ਤਿੰਨ ਕਿਤਾਬਾਂ ‘ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ-ਅਦਰਸ਼ ਜੀਵਨ ਜੁਗਤੀ, ‘ਓਐਫਸੀ ਨਾਯਬ ਪੰਜਾਬੀ ਗਿਆਨ’ ਅਤੇ ਸਿਸਕਦੇ ਰਿਸਤੇ’ ਲੋਕ ਅਰਪਣ ਕਰਨ ਲਈ ਕੀਤੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਡਾ: ਅਰਵਿੰਦ ਨੇ ਕਿਹਾ ਕਿ ਭਾਸ਼ਾ ਖੜੋਨ ਵਾਲੀ ਚੀਜ਼ ਨਹੀਂ ਹੈ ਇਹ ਹਮੇਸ਼ਾ ਸਮਾਂ ਪਾ ਕੇ ਬਦਲਦੀ ਰਹਿੰਦੀ ਹੈ। 50 ਸਾਲ ਪਹਿਲਾਂ ਜਿਹੜੀ ਭਾਸ਼ਾ ਵਰਤੀ ਜਾ ਰਹੀ ਸੀ ਉਹ 100 ਸਾਲ ਪਹਿਲਾਂ ਨਹੀਂ ਸੀ ਵਰਤੀ ਜਾਂਦੀ। ਉਨ੍ਹਾਂ ਕਿਹਾ ਕਿ ਜਦੋਂ ਐਮ.ਬੀ.ਬੀ.ਐਸ ਦੀ ਡਿਗਰੀ ਪੰਜਾਬੀ ਵਿੱਚ ਮਿਲਣ ਲੱਗ ਪਈ ਤਾਂ ਉਸ ਮੁਤਾਬਿਕ ਸ਼ਬਦ ਘੜਨੇ ਪੈਣਗੇ। ਜਦੋਂ ਹਾਈਕੋਰਟ ਦੇ ਕੰਮ ਪੰਜਾਬੀ ਵਿੱਚ ਹੋਣ ਲੱਗ ਪਏ ਤਾਂ ਉਸ ਤਰ੍ਹਾਂ ਦੀਆਂ ਕਿਤਾਬਾਂ ਲਿਖਣੀਆਂ ਪੈਣਗੀਆ, ਇਸ ਨਾਲ ਭਾਸ਼ਾ ਅੱਗੇ ਵੱਧਦੀ ਹੈ। ਡਾ: ਅਰਵਿੰਦ ਨੇ ਕਿਹਾ ਕਿ ਲੋੜ ਹੈ ਕਿ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਹਰ ਗਿਆਨ-ਵਿਿਗਆਨ ਦਾ ਜਿਹੜਾ ਵਿਸ਼ਾ ਹੈ ਉਸ ਨੂੰ ਪੰਜਾਬੀ ਨਾਲ ਜੋੜਿਆ ਜਾਵੇ ਤੇ ਉਹਦੀ ਵਿਿਦਆ ਉਚਤਮ ਪੱਧਰ ਤੱਕ ਪੰਜਾਬੀ ਵਿੱਚ ਉਪਲੱਭਦ ਹੋਵੇ।

ਡਾ: ਅਰਵਿੰਦ ਨੇ ਕਿਹਾ ਕਿ ਖੋਜ ਇਹ ਦੱਸਦੀ ਹੈ ਕਿ ਉਹੀ ਲੋਕ ਉਪਰ ਆਉਂਦੇ ਹਨ ਜਿਹੜੇ ਆਪਣੀ ਬੋਲੀ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਰਮਨੀ ਆਪਣੀ ਸਾਰੀ ਪੜ੍ਹਾਈ ਜਰਮਨ ਵਿੱਚ ਪੜ੍ਹਦਾ ਹੈ। ਇਸੇ ਤਰ੍ਹਾਂ ਜਿਹੜਾ ਜਪਾਨ ਹੈ ਉਹ ਆਪਣੀ ਪੜ੍ਹਾਈ ਜਪਾਨੀ ਵਿੱਚ ਕਰਦਾ ਹੈ ਤਾਂ ਹੀ ਉਹ ਕੌਮਾਂ ਉਪਰ ਹਨ। ਜਦ ਕਿ ਪੰਜਾਬੀ ਆਪਣੀ ਬੋਲੀ ਛੱਡ ਕੇ ਦੂਜੀਆਂ ਭਾਸ਼ਾਵਾਂ ਦੇ ਮਗਰ ਪੈ ਗਏ ਹਨ। ਡਾ: ਅਰਵਿੰਦ ਨੇ ਕਿਹਾ ਕਿ ਦੂਜੀਆਂ ਭਾਸ਼ਾਵਾ ਸਿੱਖਣੀਆਂ ਚਾਹੀਦੀਆਂ ਹਨ ਪਰ ਆਪਣੀ ਮਾਂ ਬੋਲੀ ਛੱਡ ਕੇ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈ। ਅਜਿਹੇ ਮਸਲੇ ਪਹਿਲਾਂ ਆਪ ਹੀ ਪੈਦਾ ਕੀਤੇ ਜਾਂਦੇ ਹਨ ਤੇ ਫਿਰ ਉਨ੍ਹਾਂ ‘ਤੇ ਸੈਮੀਨਾਰ ਕਰਵਾ ਕੇ ਉਨ੍ਹਾਂ ਦੇ ਹੱਲ ਲੱਭੇ ਜਾਂਦੇ ਹਨ। ਪੰਜਾਬੀ ਨੂੰ ਸਿੱਖਾਂ ਦੀ ਬੋਲੀ ਵਜੋਂ ਨਹੀਂ ਉਭਾਰਨਾ ਚਾਹੀਦਾ। ਗੈਰ ਸਿੱਖ ਵੀ ਹਨ ਉਹ ਵੀ ਪੰਜਾਬੀ ਬੋਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਧਰਮ ਨਾਲ ਜੋੜਕੇ ਵੀ ਨਹੀਂ ਦੇਖਿਆ ਜਾਣਾ ਚਾਹੀਦਾ।

ਸਮਾਗਮ ਨੂੰ ਸੰਬੋਧਨ ਹੁੰਦਿਆ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਾਲ 2009 ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਬਣਾਇਆ ਗਿਆ ਸੀ ਤਾਂ ਪਹਿਲੀ ਮੀਟਿੰਗ ਵਿੱਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਏਜੰਡਾ ਪੰਜਾਬੀ ਵਿੱਚ ਜਾਰੀ ਕੀਤਾ ਜਾਵੇ ਤੇ ਅਧਿਕਾਰੀ ਵੀ ਪੰਜਾਬੀ ਵਿੱਚ ਗੱਲ ਕਰਨ। ਇਸੇ ਤਰ੍ਹਾਂ ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟ੍ਰਿਿਬਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਵਿੱਚ ਤੇ ਸ਼ਵੱਛ ਭਾਰਤ ਮੁਹਿੰਮ ਤਹਿਤ ਪੰਜਾਬ ਸਰਕਾਰ ਨੂੰ ਸਾਰਾ ਕੰਮ ਪੰਜਾਬੀ ਵਿੱਚ ਕਰਨ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲਣ ਵਿੱਚ ਕਿਸੇ ਵੀ ਪੰਜਾਬੀ ਹੀਣ ਭਾਵਨਾ ਮਹਿਸੂਸ ਨਹੀਂ ਕਰਨੀ ਚਾਹੀਦੀ। ਸਗੋਂ ਆਪਣੀ ਇਸ ਜੁਬਾਨ ਪ੍ਰਤੀ ਮਾਣ ਮਹਿਸੂਸ ਕਰਇਆ ਕਰਨਾ ਚਾਹੀਦਾ।
ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ: ਪ੍ਰਿਤਪਾਲ ਸਿੰਘ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ ਕਰਮਜੀਤ ਸਿੰਘ, ਓਐਫਸੀ ਕਨੇਡਾ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ, ਸੂਬਾ ਪ੍ਰਧਾਨ ਦੀਪ ਰੱਤੀ, ਅਮਰੀਕ ਸਿੰਘ ਢਿੱਲੋਂ, ਡਾ: ਸਤਿੰਦਰਜੀਤ ਕੌਰ, ਆਨਲਾਈਨ ਰਾਹੀ ਕਨੇਡਾ ਤੋਂ ਅਜਾਇਬ ਸਿੰਘ ਚੱਠਾ, ਫਰਾਂਸ ਤੋਂ ਕੁਲਵੰਤ ਕੌਰ ਚਰਨ, ਦੁਬਈ ਤੋਂ ਕੇ.ਕੇ ਕੋਮਲ, ਡਾ: ਅਮਨਪ੍ਰੀਤ ਕੌਰ ਕੰਗ, ਪਵਨਜੀਤ ਕੌਰ ਤੇ ਸੁਰਜੀਤ ਸਿੰਘ ਸ਼ੰਟੀ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।






















