ਰਾਜ ਸਭਾ ਲਈ ਬਾਹਰਲੇ ਤੇ ਸਰਮਾਏਦਾਰਾਂ ਨੂੰ ਉਮੀਦਵਾਰਾਂ ਬਣਾਉਣਾ ਮਾਨ ਸਰਕਾਰ ਦਾ ਭਾਜਪਾ ਨਾਲ ਦੋਸਤਾਨਾ ਰਿਸ਼ਤਾ ਉਜਾਗਰ ਹੋਇਆ-ਅਰਸ਼ੀ
ਚੋਣ ਵਿੱਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀਆਂ ਬ੍ਰਾਂਚਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ
ਬੁਢਲਾਡਾ,24ਮਾਰਚ (ਵਿਸ਼ਵ ਵਾਰਤਾ ) ਸਥਾਨਕ ਸੀਪੀਆਈ ਦਫ਼ਤਰ ਵਿਖੇ ਸਬ ਡਵੀਜ਼ਨ ਬੁਢਲਾਡਾ ਦੀ ਇੱਕ ਅਹਿਮ ਮੀਟਿੰਗ ਸਾਬਕਾ ਸਰਪੰਚ ਜੱਗਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ ਅਤੇ ਚੋਣਾਂ ਦਰਮਿਆਨ ਵਾਧਾ-ਘਾਟਾ ਤੇ ਵਿਸ਼ਲੇਸ਼ਣ ਕਰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਉਂਤਬੰਦੀ ਉਲੀਕੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਪੰਜਾਬ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੀ ਆਮ ਪਾਰਟੀ ਭਗਵੰਤ ਮਾਨ ਸਰਕਾਰ ਤੇ ਆਪਣੇ ਚਹੇਤਿਆਂ ਤੇ ਆਮ ਲੋਕਾਂ ਵੱਲੋਂ ਉੱਠ ਰਹੀਆਂ ਉਂਗਲਾਂ ਨੇ ਰਾਜ ਸਭਾ ਲਈ ਸਰਮਾਏਦਾਰ ਅਤੇ ਭਾਜਪਾ ਪੱਖੀ ਵਿਅਕਤੀਆਂ ਨੂੰ ਉਮੀਦਵਾਰ ਬਣਾਉਣ ਦੇ ਮਾਮਲੇ ਵਿੱਚ ਮਾਨ ਸਰਕਾਰ ਦਾ ਭਾਜਪਾ ਨਾਲ ਦੋਸਤਾਨਾ ਰਿਸ਼ਤਾ ਜੱਗ ਜਾਹਿਰ ਹੋਇਆ ਹੈ। ਇਸ ਸਮੇਂ ਉਨਾਂ ਕਿਹਾ ਕਿ ਪੰਜਾਬ ਅੰਦਰ ਪਿਛਲੇ 70 ਸਾਲਾਂ ਤੋਂ ਅਕਾਲੀ-ਕਾਂਗਰਸੀਆਂ ਦੀ ਲੁੱਟ ਦਾ ਸ਼ਿਕਾਰ ਲੋਕ ਬਦਲਾਅ ਦੀ ਭਾਵਨਾ ਨਾਲ ਆਮ ਪਾਰਟੀ ਤੇ ਭਰੋਸਾ ਕਰਕੇ ਪੰਜਾਬ ਅੰਦਰ ਸੱਚੀ-ਸੁੱਚੀ ਤੇ ਆਮ ਲੋਕਾਂ ਦੀ ਸਰਕਾਰ ਲਈ ਆਪਣਾ ਭਰੋਸਾ ਜਿਤਾਇਆ ਗਿਆ ਹੈ। ਪ੍ਰੰਤੂ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਵਰਗੇ ਅਹਿਮ ਮੁੱਦਿਆਂ ਤੇ ਗੰਭੀਰਤਾ ਨਾਲ ਕੰਮ ਕਰੇਗੀ। ਇਸ ਸਮੇਂ ਸੀਪੀਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਅਤੇ ਸਬ ਡਵੀਜਨ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ ਨੇ ਕਿਹਾ ਕਿ ਸਮੁੱਚੇ ਲੋਕਾਂ ਵੱਲੋਂ ਬਦਲਾਅ ਦੀ ਭਾਵਨਾ ਨਾਲ ਆਮ ਪਾਰਟੀ ਤੇ ਭਰੋਸਾ ਜਿਤਾਇਆ ਗਿਆ ਹੈ ਜਿਸ ਕਾਰਨ ਬਾਕੀ ਧਿਰਾਂ ਸਿਆਸੀ ਤੌਰ ਤੇ ਪਛੜੀਆਂ ਹਨ,ਉਨਾਂ ਪਾਰਟੀ ਪ੍ਰੋਗਰਾਮ ਅਤੇ ਪਾਰਟੀ ਨੀਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਅਤੇ ਲੋਕ ਮੁੱਦਿਆਂ ਤੇ ਸੰਘਰਸ਼ ਦਾ ਅਹਿਦ ਕਰਦਿਆਂ ਪਾਰਟੀ ਮਜ਼ਬੂਤੀ ਲਈ ਆਗੂਆਂ ਤੇ ਵਰਕਰਾਂ ਨੂੰ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦੀ ਅਪੀਲ ਕੀਤੀ ਗਈ। ਅੰਤ ਵਿੱਚ ਚੋਣ ਸਮੇਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਬ੍ਰਾਂਚਾਂ ਸ਼ੇਰਖਾਂ ਵਾਲਾ, ਬਖਸ਼ੀਵਾਲਾ, ਆਲਮਪੁਰ ਮੰਦਰਾਂ, ਟਾਹਲੀਆਂ, ਰੰਘੜਿਆਲ ਅਤੇ ਰਿਉਂਦ ਕਲਾਂ ਦੇ ਆਗੂਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਕੇ ਲੀਡਰਸ਼ਿਪ ਵੱਲੋਂ ਹੌਂਸਲਾ ਅਫਜਾਈ ਕੀਤੀ ਗਈ। ਮੀਟਿੰਗ ਦੌਰਾਨ ਰਘੂ ਸਿੰਗਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਗਾਮੀਵਾਲ, ਮਲਕੀਤ ਬਖਸ਼ੀਵਾਲਾ, ਰਾਜਵਿੰਦਰ ਚੱਕ ਭਾਈਕੇ, ਨਛੱਤਰ ਰਿਉਂਦ, ਮੱਖਣ ਰੰਘੜਿਆਲ, ਗੁਰਦਾਸ ਟਾਹਲੀਆਂ, ਅਮਰੀਕ ਮੰਦਰਾਂ, ਰਘੂ ਨਾਥ ਸਿੰਗਲਾ, ਬੰਬੂ ਸਿੰਘ, ਗਰੀਬੂ ਸਿੰਘ, ਹਰੀ ਸਿੰਘ ਅੱਕਾਂਵਾਲੀ, ਭੁਪਿੰਦਰ ਗੁਰਨੇ, ਸਾਥੀ ਮੰਡੇਰ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਾਥੀ ਰਾਏਕੇ ਵੱਲੋਂ ਬਾਖੂਬੀ ਨਿਭਾਈ ਗਈ।























