ਪੜ੍ਹੋ,ਵਿਧਾਨ ਸਭਾ ਕੰਪਲੈਕਸ ਵਿੱਚ ਬੁੱਤ ਲਗਾਉਣ ਨੂੰ ਲੈ ਕੇ ਕਿੱਥੇ ਫਸਿਆ ਪੇਚ, ਕੀ ਕਹਿੰਦਾ ਹੈ ਚੰਡੀਗੜ੍ਹ ਨੂੰ ਬਣਾਉਣ ਵਾਲੇ ‘ਲਿ ਕਾਰਬੁਜ਼ੀਅਰ ਦਾ ਫ਼ੁਰਮਾਨ’ ਕੀ ਲਗਾਏ ਜਾ ਸਕਣਗੇ ਬੁੱਤ?
ਚੰਡੀਗੜ੍ਹ,24 ਮਾਰਚ(ਬਰਿੰਦਰ ਪਨੂੰ)-ਪੰਜਾਬ ਦੀ ਨਵੀਂ ਬਣੀ ‘ਆਪ’ ਸਰਕਾਰ ਨੇ 16ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੇ ਆਖਿਰੀ ਦਿਨ ਵਿਧਾਨ ਸਭਾ ਕੰਪਲੈਕਸ ਵਿੱਚ ਸ਼ਹੀਦ ਭਗਤ ਸਿੰਘ,ਡਾ.ਭੀਮ ਰਾਓ ਅੰਬੇਦਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਨੂੰ ਲੈ ਕੇ ਮਤਾ ਪਾਸ ਕੀਤਾ ਹੈ। ਇਸ ਮਤੇ ਅਨੁਸਾਰ ਇਹਨਾਂ ਤਿੰਨਾ ਸਖਸ਼ਿਅਤਾਂ ਤੇ ਬੁੱਤ ਵਿਧਾਨ ਸਭਾ ਕੰਪਲੈਕਸ ਵਿੱਚ ਲਗਾਏ ਜਾਣਗੇ। ਹਾਲਾਂਕਿ ਸਰਕਾਰ ਵੱਲੋਂ ਕੀਤੇ ਇਸ ਐਲਾਨ ਤੋਂ ਬਾਅਦ ਵੱਖ ਵੱਖ ਆਗੂਆਂ ਵੱਲੋਂ ਇਸ ਸੰਬੰਧ ਵਿੱਚ ਸਵਾਲ ਚੁੱਕੇ ਗਏ ਹਨ। ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਹੀ ਸਾਬਕਾ ਵਿਧਾਇਕ ਕੰਵਰ ਸੰਧੂ ਨੇ ਵੀ ਟਵੀਟ ਕਰਦਿਆਂ ਸਵਾਲ ਕੀਤਾ ਹੈ ਕਿ ਕੀ ਵਿਰਾਸਤੀ ਇਮਾਰਤਾਂ ਵਿੱਚ ਬੁੱਤ ਲਗਾਏ ਜਾ ਸਕਦੇ ਹਨ? ਦੱਸ ਦਈਏ ਕਿ ਚੰਡੀਗੜ੍ਹ ਦੀ ਕੈਪੀਟਲ ਕੰਪਲੈਕਸ ਨੂੰ ਯੂਨੇਸਕੋ ਵੱਲੋਂ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ। ਜਿਸ ਅਨੁਸਾਰ ਇਸ ਦੀ ਇਮਾਰਤ ਦੇ ਬੁਨਿਆਦੀ ਢਾਂਚੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾ ਸਕਦਾ।
On resolution moved by CM @BhagwantMann the house decided to have statues of martyr Bhagat Singh and Babasaheb in Punjab Vidhan Sabha premises. Appreciable exuberance but I wonder if statues can be raised in the premises declared a heritage building? #heritage
— Kanwar Sandhu (@SandhuKanwar) March 22, 2022
ਇਸ ਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ 2016 ਵਿੱਚ ਉਸ ਵੇਲੇ ਦੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਵੀ ਵਿਧਾਨ ਸਭਾ ਕੰਪਲੈਕਸ ਵਿੱਚ ਬਾਬਾ ਸਾਹਿਬ ਦੀ 125ਵੀਂ ਵਰ੍ਹੇਗੰਡ ਮੌਕੇ ਉਹਨਾਂ ਦਾ ਬੁੱਤ ਵਿਧਾਨ ਸਭਾ ਕੰਪਲੈਕਸ ਵਿੱਚ ਲਗਾਉਣ ਦਾ ਐਲਾਨ ਕੀਤਾ ਸੀ,ਪਰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਇਸ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਸੀ।
ਜ਼ਿਕਰ ਕਰਨਾ ਇਹ ਵੀ ਬਣਦਾ ਹੈ ਕਿ ਚੰਡੀਗੜ੍ਹ ਸ਼ਹਿਰ ਦੇ ਯੋਜਨਾਕਾਰ ਮੋਨ ਲਿ ਕਾਰਬੁਜ਼ੀਅਰ ਵੱਲੋਂ ਨਿਰਧਾਰਿਤ ‘The Edict Of Chandigarh’(ਚੰਡੀਗੜ੍ਹ ਦੇ ਹੁਕਮ) ਵਿੱਚ ਵੀ ਇਹ ਕਿਹਾ ਗਿਆ ਹੈ ਕਿ ਚੰਡੀਗੜ੍ਹ ਸ਼ਹਿਰ ਜਾਂ ਇਸ ਦੇ ਪਾਰਕਾਂ ਵਿੱਚ ਕੋਈ ਵੀ ਨਿੱਜੀ ਬੁੱਤ ਨਹੀਂ ਲਗਾਇਆ ਜਾਵੇਗਾ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਕੰਪਲੈਕਸ ਵਿੱਚ ਬੁੱਤ ਲਗਾਉਣ ਲਈ ਜੋ ਮਤਾ ਪਾਸ ਕੀਤਾ ਗਿਆ ਹੈ ਉਸ ਨੂੰ ਲੈ ਕੇ ਹੁਣ ਤੋਂ ਹੀ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆ ਹਨ ਕਿ ਕਿਤੇ ਇਹ ਵੀ 2016 ਦੇ ਐਲਾਨ ਵਾਂਗੂ ਕਾਗਜ਼ਾਂ ਤੱਕ ਹੀ ਸੀਮਤ ਨਾ ਹੋ ਕੇ ਰਹਿ ਜਾਵੇ।























