ਕੱਲ੍ਹ ਨੂੰ ਪੰਜਾਬ ਦੀ ਨਵੀਂ ਵਜ਼ਾਰਤ ਦਾ ਐਲਾਨ
ਪੜ੍ਹੋ,ਕਿਹਨਾਂ ਨੂੰ ਮਿਲ ਸਕਦੀ ਹੈ ਮਾਨ ਮੰਤਰੀ ਮੰਡਲ ਵਿੱਚ ਜਗ੍ਹਾ
ਚੰਡੀਗੜ੍ਹ,18 ਮਾਰਚ(ਵਿਸ਼ਵ ਵਾਰਤਾ) – ਪੰਜਾਬ ਦੀ ਨਵੀਂ ਬਣੀ ਸਰਕਾਰ ਵਿੱਚ ਕੱਲ੍ਹ ਨੂੰ ਮੰਤਰੀ ਮੰਡਲ ਦਾ ਐਲਾਨ ਹੋਣਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ 11 ਵਜੇ ਨਵੇਂ ਬਣੇ ਮੰਤਰੀ ਸਹੁੰ ਚੁੱਕਣਗੇ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਨੂੰ ਹੀ ਦੁਪਿਹਰ 12:30 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਨਵੀਂ ਵਜ਼ਾਰਤ ਦੀ ਮੀਟਿੰਗ ਸੱਦ ਲਈ ਹੈ। ਨਵੀਂ ਵਜ਼ਾਰਤ ਵਿੱਚ ਕਿਸ ਨੂੰ ਜਗ੍ਹਾ ਮਿਲਣੀ ਹੈ ਇਸ ਨੂੰ ਲੈ ਕੇ ਚਰਚਾਵਾਂ ਜੋਰਾਂ ਤੇ ਹਨ। ਮੰਤਰੀ ਮੰਡਲ ਵਿੱਚ ਸਾਬਕਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ,ਅਮਨ ਅਰੋੜਾ,ਪ੍ਰਿੰਸੀਪਲ ਬੁੱਧ ਰਾਮ ਅਤੇ ਕੁਲਤਾਰ ਸਿੰਘ ਸੰਧਵਾਂ ਦੇ ਨਾਮ ਲਗਭਗ ਫਾਈਨਲ ਹੀ ਹਨ। ਇਹਨਾਂ ਤੋਂ ਇਲਾਵਾ ਤੋਂ ਲਗਾਤਾਰ ਦੂਜੀ ਵਾਰ ਜਿੱਤਣ ਵਾਲੀ ਸਰਵਜੀਤ ਕੌਰ ਮਾਣੂੰਕੇ ,ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ,ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਜੀਵਨ ਜੋਤ ਕੌਰ ਤੋਂ ਇਲਾਵਾ ਨਾਭਾ ਤੋਂ ਗੁਰਦੇਵ ਮਾਨ,ਭਦੌੜ ਤੋਂ ਲਾਭ ਸਿੰਘ ਉਗੋਕੇ,ਖਰੜ ਤੋਂ ਅਨਮੋਲ ਗਗਨ ਮਾਨ,ਮੋਗਾ ਤੋਂ ਅਮਨਜੋਤ ਅਰੋੜਾ ਅਤੇ ਲੰਬੀ ਤੋਂ ਪਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਵਾਂ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ। ਕੈਬਨਿਟ ਵਿੱਚ ਕਿਸ ਨੂੰ ਜਗ੍ਹਾ ਮਿਲਦੀ ਹੈ ਇਹ ਕੱਲ੍ਹ ਨੂੰ ਸਾਫ ਹੋ ਜਾਵੇਗਾ। ਇਸ ਵਿਚਾਲੇ ਇਹ ਵੀ ਚਰਚਾ ਹੈ ਕਿ ਭਗਵੰਤ ਮਾਨ ਇਕੋ ਵਾਰ ਵਿੱਚ ਪੂਰੀ ਮੰਤਰੀ ਮੰਡਲ ਦਾ ਗਠਨ ਨਹੀਂ ਕਰਨਗੇ। ਦੱਸ ਦਈਏ ਕਿ ਪੰਜਾਬ ਵਿੱਚ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਬਣਾਏ ਜਾ ਸਕਦੇ ਹਨ,ਪਰ ਆਮ ਆਦਮੀ ਪਾਰਟੀ ਪਹਿਲੀ ਵਾਰ ਵਿੱਚ ਸਿਰਫ 10 ਜਾਂ 12 ਮੰਤਰੀਆਂ ਦੀ ਨਿਯੁਕਤੀ ਕਰ ਸਕਦੀ ਹੈ ਅਤੇ ਬਾਕੀ ਦੀਆਂ ਨਿਯੁਕਤੀਆਂ ਅੱਗੇ ਜਾ ਕੇ ਕੀਤੇ ਜਾਣ ਦੀ ਸੰਭਾਵਨਾ ਹੈ।























