ਰੂਸ- ਯੂਕਰੇਨ ਸੰਕਟ,ਯੂਕਰੇਨ ‘ਤੇ ਹਮਲੇ ਦਾ 18ਵਾਂ ਦਿਨ
ਗ੍ਰੀਨ ਕੋਰੀਡੋਰ ‘ਚ ਬੱਚਿਆਂ ਸਮੇਤ 7 ਦੀ ਮੌਤ
ਚੰਡੀਗੜ੍ਹ, 13 ਮਾਰਚ(ਵਿਸ਼ਵ ਵਾਰਤਾ)- ਰੂਸ-ਯੂਕਰੇਨ ਜੰਗ ਦਾ ਅੱਜ 18ਵਾਂ ਦਿਨ ਹੈ। ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ ਹੈ। ਰੂਸੀ ਬਲ ਯੂਕਰੇਨ ਦੀ ਰਾਜਧਾਨੀ ਕੀਵ ਦੇ ਸੈਂਟਰ ਪੁਆਇੰਟ ਤੋਂ ਮਹਿਜ਼ 16 ਕਿਲੋਮੀਟਰ ਦੂਰ ਪਹੁੰਚ ਗਏ ਹਨ। ਹਾਲਾਂਕਿ ਯੂਕਰੇਨੀ ਫੌਜ ਨਾਲ ਰੂਸੀ ਫੌਜ ਦੀ ਗਲੀ-ਗਲੀ ਲੜਾਈ ਹੋ ਰਹੀ ਹੈ, ਪਰ ਰੂਸੀ ਫੌਜ ਇਸ ਸਮੇਂ ਭਾਰੀ ਪੈ ਰਹੀ ਹੈ। ਕੀਵ ਨੇੜੇ ਰੂਸੀ ਫ਼ੌਜਾਂ ਦੇ ਹਮਲੇ ਵਿੱਚ ਇੱਕ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਇਹ ਹਮਲਾ ਗ੍ਰੀਨ ਕੋਰੀਡੋਰ ਖੇਤਰ ਦੇ ਪੇਰੇਮੋਹਾ ਪਿੰਡ ਤੋਂ ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਸਥਾਨ ‘ਤੇ ਲਿਜਾ ਰਹੇ ਕਾਫਲੇ ‘ਤੇ ਕੀਤਾ ਗਿਆ, ਜੋ ਨਾਗਰਿਕਾਂ ਦੀ ਸੁਰੱਖਿਆ ਲਈ ਰੂਸ ਦੀ ਸਹਿਮਤੀ ਨਾਲ ਬਣਾਇਆ ਗਿਆ ਸੀ।
ਦੂਜੇ ਪਾਸੇ ਅਮਰੀਕਾ ਨੇ ਯੂਕਰੇਨ ਨੂੰ ਕਰੀਬ 1500 ਕਰੋੜ ਰੁਪਏ ਦੇ ਵਾਧੂ ਹਥਿਆਰ ਅਤੇ ਉਪਕਰਨ ਦੇਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਨ੍ਹਾਂ ਹਥਿਆਰਾਂ ‘ਚ ਐਂਟੀ ਟੈਂਕ ਅਤੇ ਏਅਰਕ੍ਰਾਫਟ ਮਿਜ਼ਾਈਲਾਂ ਵੀ ਸ਼ਾਮਲ ਹਨ। ਇਸ ਘੋਸ਼ਣਾ ਤੋਂ ਘੰਟੇ ਪਹਿਲਾਂ, ਰੂਸੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਸ ਨੂੰ ਰੂਸੀ ਫੌਜ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਦੱਸਿਆ, ਨਾਲ ਹੀ ਚਿਤਾਵਨੀ ਦਿੱਤੀ ਕਿ ਇਸ ਦੇ ਗੰਭੀਰ ਨਤੀਜੇ ਨਿਕਲਣਗੇ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਫੌਜ ਹਥਿਆਰ ਸਪਲਾਈ ਕਰਨ ਵਾਲੇ ਕਾਫਲੇ ਨੂੰ ਨਿਸ਼ਾਨਾ ਬਣਾਏਗੀ।