ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ਨੇ ਕਾਂਗਰਸ ਨੂੰ ਲਿਆ ਨਿਸ਼ਾਨੇ ਤੇ
ਐਲਾਨ ਨਾਲ ਕੋਈ ਫ਼ਰਕ ਨਹੀਂ ਪੈਣ ਵਾਲਾ: ਭਾਜਪਾ
ਚੰਡੀਗੜ੍ਹ, 6 ਫਰਵਰੀ(ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਉਮੀਦਵਾਰ ਦੇ ਐਲਾਨ ਨਾਲ ਪਾਰਟੀ ਦੇ ਭਵਿੱਖ ਤੇ ਕੋਈ ਫ਼ਰਕ ਨਹੀਂ ਪੈਣ ਵਾਲਾ, ਜਿਹੜਾ ਪਹਿਲਾਂ ਤੋਂ ਹੀ ਹਨੇਰੇ ਚ ਹੈ।
ਰਾਹੁਲ ਗਾਂਧੀ ਵੱਲੋਂ ਅੱਜ ਕੀਤੇ ਗਏ ਐਲਾਨ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਕਾਂਗਰਸ ਪਾਰਟੀ ਮਾੜੇ ਪ੍ਰਬੰਧਨ, ਭਾਰੀ ਭ੍ਰਿਸ਼ਟਾਚਾਰ ਅਤੇ ਅੰਦਰੂਨੀ ਵਿਵਾਦਾਂ ਦੇ ਚੱਲਦੇ ਪਹਿਲਾਂ ਤੋਂ ਹੀ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ ਤੇ ਇਸਨੂੰ ਹੁਣ ਕੋਈ ਚਮਤਕਾਰ ਵੀ ਨਹੀਂ ਬਚਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਹਨੇਰੇ ਚ ਗੁੰਮ ਹੋ ਚੁੱਕੀ ਹੈ ਅਤੇ ਕਿਸੇ ਨੂੰ ਵੀ ਮੁੱਖ ਮੰਤਰੀ ਚਿਹਰਾ ਐਲਾਨਣ ਨਾਲ ਪਾਰਟੀ ਦਾ ਭਵਿੱਖ ਨਹੀਂ ਬਦਲ ਸਕਦਾ। ਇਸ ਲੜੀ ਹੇਠ, ਅੱਜ ਦੇ ਐਲਾਨ ਤੋਂ ਬਾਅਦ ਪਾਰਟੀ ਵਿਚਾਲੇ ਅੰਦਰੂਨੀ ਲੜਾਈ ਹੋਰ ਵਧੇਗੀ।
ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਵਿਰੋਧੀ ਪਾਰਟੀਆਂ, ਸਗੋਂ ਕਾਂਗਰਸ ਦੇ ਕੁਝ ਆਗੂ ਵੀ ਹੁਣ ਖ਼ੁਦ ਸ਼ਰ੍ਹੇਆਮ ਕਹਿ ਰਹੇ ਹਨ ਕਿ ਸਰਕਾਰ ਵਿਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਵਿਆਪਤ ਹੈ। ਅਜਿਹੇ ਵਿਚ ਕਿਸੇ ਵਿਅਕਤੀ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਨਾਲ ਪਾਰਟੀ ਦੇ ਪਾਪ ਨਹੀਂ ਧੁੱਲਣ ਵਾਲੇ, ਜਿਹੜੇ ਇਨ੍ਹਾਂ ਨੇ ਬੀਤੇ ਸਾਲਾਂ ਦੌਰਾਨ ਕੀਤੇ ਹਨ।






















