ਵਿੱਦਿਅਕ ਸੰਸਥਾਵਾਂ ਵਿੱਚ “ਭਾਸ਼ਾ ਮੰਚ” ਸਥਾਪਿਤ ਕਰਨ ਦੇ ਫੈਸਲੇ ਦਾ ਸਵਾਗਤ
ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਸਾਰਥਿਕ ਉਪਰਾਲਾ
ਮਾਨਸਾ, 5 ਜਨਵਰੀ (ਵਿਸ਼ਵ ਵਾਰਤਾ )ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਭਾਸ਼ਾ ਮੰਚ ਸਥਾਪਤ ਕਰਨ ਸਬੰਧੀ ਹੋਏ ਅੰਦੇਸ਼ਾ ਦਾ ਸਵਾਗਤ ਹੋ ਰਿਹਾ ਹੈ।ਇਸ ਨਵੇਂ ਹੁਕਮਾਂ ਮੁਤਾਬਕ ਵੱਖ ਵੱਖ ਸੰਸਥਾਵਾਂ ਅੰਦਰ ਅਧਿਆਪਕਾਂ, ਪ੍ਰੋਫੈਸਰਾਂ ਦੀ ਅਗਵਾਈ ਚ ਵਿਦਿਆਰਥੀਆਂ ਦਾ ਇਕ ਮੰਚ ਸਥਾਪਿਤ ਕੀਤਾ ਜਾਵੇਗਾ,ਜੋ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾਂ ਲਈ ਕਾਰਜ ਕਰੇਗਾ।
ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਨੁਸਾਰ ਪਿਛਲੇ ਕੁਝ ਸਮੇਂ ਤੋਂ ਸਾਹਿਤਕਾਰਾਂ, ਵਿਦਵਾਨਾਂ ਅਤੇ ਅਦਾਰਿਆਂ ਦੇ ਮੁਖੀਆਂ ਵੱਲੋਂ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਕਿ ਸਕੂਲਾਂ ਅਤੇ ਕਾਲਜਾਂ ਅੰਦਰ ਵਿਦਿਆਰਥੀਆਂ ਨੂੰ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਦੀ ਬਹੁਤ ਲੋੜ ਹੈ। ਇਸ ਲੋੜ ਨੂੰ ਮਹਿਸੂਸ ਕਰਦਿਆਂ ਹੀ ਸਕੱਤਰ ਉਚੇਰੀ ਸਿੱਖਿਆ ਵੱਲੋਂ ਸੂਬੇ ਭਰ ਦੀਆਂ ਵਿੱਦਿਅਕ ਸੰਸਥਾਵਾਂ ਅੰਦਰ ਭਾਸ਼ਾ ਦੀ ਪ੍ਰਫੁੱਲਤਾ ਲਈ ਭਾਸ਼ਾ ਮੰਚ ਸਥਾਪਤ ਕਰਨ ਦੇ ਆਦੇਸ਼ ਜਾਰੀ ਗਏ ਹਨ। ਇਹ ਭਾਸ਼ਾ ਮੰਚ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪਣੀ ਪੱਧਰ ‘ਤੇ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ ਕੰਮ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਤੇਜਿੰਦਰ ਕੌਰ ਨੇ ਦੱਸਿਆ ਕਿ ਸੂਬੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਇਸ ਤਰ੍ਹਾਂ ਦੇ ਭਾਸ਼ਾ ਮੰਚ ਸਥਾਪਿਤ ਕਰਨਾ ਇਕ ਸ਼ਾਨਦਾਰ ਪਹਿਲਕਦਮੀ ਹੈ। ਜੇਕਰ ਅਸੀਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਵਿੱਚ ਸਫ਼ਲ ਹੋ ਗਏ ਤਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਭਵਿੱਖ ਸ਼ਨਾਦਾਰ ਹੋਵੇਗਾ। ਉਹਨਾ ਕਿਹਾ ਕਿ ਇਹ ਭਾਸ਼ਾ ਮੰਚ ਜਲਦ ਹੀ ਹੋੰਦ ਵਿੱਚ ਆ ਕੇ ਆਪਣਾ ਕੰਮ ਸ਼ੁਰੂ ਕਰ ਦੇਣਗੇ।

ਉਨ੍ਹਾਂ ਕਿਹਾ ਕਿ ਉਚੇਰੀ ਸਕੱਤਰ ਵੱਲੋਂ ਲਏ ਗਏ ਇਸ ਸ਼ਾਨਦਾਰ ਫ਼ੈਸਲੇ ਦਾ ਸਵਾਗਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੀ ਸਾਡੇ ਸੱਭਿਆਚਾਰ, ਭਾਸ਼ਾ, ਸਾਹਿਤ ਅਤੇ ਕੌਮ ਦੀ ਨੀਂਹ ਹਨ। ਜੇਕਰ ਅਸੀ ਨੀਂਹਾਂ ਮਜ਼ਬੂਤ ਕਰ ਲਈਆਂ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। ਅਸੀਂ ਆਸ ਕਰਦੇ ਹਾਂ ਕਿ ਸਾਰੀਆਂ ਵਿੱਦਿਅਕ ਸੰਸਥਾਵਾਂ ਜਲਦ ਤੋਂ ਜਲਦ ਇਨ੍ਹਾਂ ਭਾਸ਼ਾ ਮੰਚਾਂ ਦੀ ਸਥਾਪਨਾ ਕਰਕੇ ਆਪਣਾ ਕੰਮ ਸ਼ੁਰੂ ਕਰ ਦੇਣਗੀਆਂ।
ਵੱਖ-ਵੱਖ ਲੇਖਕ ਜਥੇਬੰਦੀਆਂ, ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਮਾਤ-ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਲਈ ਲਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।

ਖੋਜ ਅਫਸਰ ਗੁਰਪ੍ਰੀਤ ਨੇ ਵੀ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਚ ਇਸ ਚੰਗੇ ਫੈਸਲੇ ਨੂੰ ਲਾਗੂ ਕਰਨ ਲਈ ਗੰਭੀਰਤਾ ਨਾਲ ਉਪਰਾਲੇ ਕੀਤੇ ਜਾਣਗੇ। ਇਸ ਫੈਸਲਾ ਦਾ ਵੱਖ ਵੱਖ ਸਾਹਿਤਕਾਰਾਂ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ,ਹਰਦੀਪ ਸਿੰਘ ਸਿੱਧੂ,ਨਿਰਮ ਜੋਸਨ,ਮਨਪ੍ਰੀਤ ਕੌਰ,ਯੋਗਿਤਾ ਸ਼ਰਮਾਂ, ਗੁਰਪ੍ਰੀਤ ਕੌਰ,ਸੋਨਜੀਤ,ਭੁਪਿੰਦਰ ਤੱਗੜ ਅਤੇ ਹੋਰਨਾਂ ਨੇ ਵੀ ਸਵਾਗਤ ਕੀਤਾ ਹੈ।





















