ਕੇਂਦਰ ਤੇ ਰਾਜ ਸਰਕਾਰ ਸਾਜ਼ਿਸ਼ ਪਿਛਲਿਆਂ ਦੀ ਸ਼ਨਾਖ਼ਤ ਕਰਨ

ਮਾਨਸਾ, 19 ਦਸੰਬਰ( ਵਿਸ਼ਵ ਵਾਰਤਾ )-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਧਰਮ ਦੇ ਖਿਲਾਫ਼ ਬੇਅਦਬੀ ਦੀਆਂ ਬਹੁਤ ਪੀੜ੍ਹਾ ਦਾਇਕ ਘਟਨਾਵਾਂ ਦਾ ਵਾਰ-ਵਾਰ ਵਾਪਰਨਾ ਇਕ ਡੂੰਘੀ ਸਾਜ਼ਿਸ਼ ਵੱਲੋਂ ਸਪੱਸ਼ਟ ਇਸ਼ਾਰਾ ਕਰਦਾ ਹੈ।ਮਾਨਸਾ ਤੋਂ ਅਕਾਲੀ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਦੇ ਹੱਕ ਵਿਚ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਖਿਆ ਕਿ ਉਹ ਇਸ ਸਾਜ਼ਿਸ਼ ਪਿਛਲੇ ਅਨਸਰਾਂ ਦੀ ਸ਼ਨਾਖ਼ਤ ਕਰਕੇ ਬੇਨਕਾਬ ਕਰਨ ਅਤੇ ਸਜ਼ਾ ਦੇਣ ਦੀ ਕਾਰਵਾਈ ਵਿਚ ਆਪਣੀ ਸੰਜੀਦਗੀ ਅਤੇ ਫੁਰਤੀ ਵਿਖਾਉਣ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹਨਾਂ ਦੇ ਰਵੱਈਏ ਨਾਲ ਆਸ ਮੁਤਾਬਕ ਕਾਰਵਾਈ ਨਜ਼ਰੀਂ ਨਹੀਂ ਆਈ, ਕਿਉਂਕਿ ਮੌਜੂਦਾ ਸ਼ਾਸਕਾਂ ਦੇ ਮਨਾਂ ਵਿਚ ਅਸਲ ਦੋਸ਼ੀਆਂ ਨੂੰ ਫੜ੍ਹਨ ਦੀ ਥਾਂ ਰਾਜਨੀਤੀ ਜ਼ਿਆਦਾ ਭਾਰੂ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਜੋ ਇਹ ਕਦੇ ਨਾ ਭੁੱਲਣ ਵਾਲੀਆਂ ਨਫ਼ਰਤ ਭਰੀਆਂ ਕਾਰਵਾਈਆਂ ਕਰਵਾ ਰਹੇ ਹਨ, ਹੋਰ ਦਲੇਰ ਹੋ ਗਏ ਹਨ, ਕਿਉਂਕਿ ਪੰਜਾਬ ਵਿਚ ਕਾਂਗਰਸ ਲੀਡਰਸ਼ਿਪ ਅਤੇ ਸਰਕਾਰ ਨੇ ਇਸ ਸਭ ਤੋਂ ਸੰਵੇਦਨਸ਼ੀਲ ਮੁੱਦੇ ’ਤੇ ਗੰਦੀ ਅਤੇ ਖਤਰਨਾਕ ਰਾਜਨੀਤੀ ਖੇਡਣ ਵਿਚ ਪੰਜ ਸਾਲ ਬਰਬਾਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਜਾਏ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਅਸਲ ਦੋਸ਼ੀਆਂ ਤੇ ਸਾਜ਼ਿਸ਼ਕਾਰਾਂ ਦੇ ਖਿਲਾਫ਼ ਕਾਰਵਾਈ ਕਰਨ ਦੇ ਕਾਂਗਰਸੀ ਆਗੂ ਤੇ ਸਰਕਾਰ ਇਹਨਾਂ ਤ੍ਰਾਸਦੀ ਭਰੀਆਂ ਘਟਨਾਵਾਂ ਲਈ ਸਿਰਫ ਸਿਆਸੀ ਵਿਰੋਧੀਆਂ ਖਿਲਾਫ਼ ਦੂਸ਼ਣਬਾਜ਼ੀ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਰਵੱਈਏ ਕਾਰਨ ਅਸਲ ਦੋਸ਼ੀ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਅਤੇ ਕਪੂਰਥਲਾ ਦੀਆਂ ਘਟਨਾਵਾਂ ਦੇ ਅਸਲ ਦੋਸ਼ੀ ਵੀ ਫਰਾਰ ਹੋ ਗਏ ਹੁੰਦੇ, ਜੇਕਰ ਸ਼੍ਰੋਮਣੀ ਕਮੇਟੀ ਅਤੇ ਸ਼ਰਧਾਲੂ ਚੌਕਸ ਨਾ ਹੁੰਦੇ।
ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਮਾਨਸਾ ਵਿਚ 500 ਬੈਡਾਂ ਦਾ ਮੈਡੀਕਲ ਕਾਲਜ ਤੇ ਹਸਪਤਾਲ ਬਣਾਏਗੀ। ਇਕ ਹੋਰ ਵੱਡੇ ਫੈਸਲੇ ਵਿਚ ਸ੍ਰੀ ਬਾਦਲ ਨੇ ਐਲਾਨ ਕੀਤਾ ਕਿ ਸਿੰਜਾਈ ਲਈ ਟੇਲਾਂ ਦੇ ਅੰਤ ਤੱਕ ਪਾਣੀ ਨਾ ਪਹੁੰਚਣ ਦੀ ਸਮੱਸਿਆ ਜ਼ਮੀਨ ਹੇਠਾਂ ਪਾਣੀ ਦੀਆਂ ਪਾਈਪਾਂ ਵਿਛਾਕੇ ਖ਼ਤਮ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹ ਪਹਿਲ ਦੇ ਆਧਾਰ ’ਤੇ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਅਗਲੀ ਸਰਕਾਰ ਕਿਸਾਨਾਂ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਫਸਲੀ ਬੀਮਾ ਸਕੀਮ ਵੀ ਸ਼ੁਰੂ ਕਰੇਗੀ।
ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਗਦੀਪ ਸਿੰਘ ਨਕੱਈ, ਜਗਮੀਤ ਸਿੰਘ ਬਰਾੜ, ਦਿਲਰਾਜ ਸਿੰਘ ਭੂੰਦੜ, ਗੁਰਪ੍ਰੀਤ ਸਿੰਘ ਝੱਬਰ, ਗੁਰਪ੍ਰੀਤ ਸਿੰਘ ਚਾਹਲ, ਆਤਮਾ ਸਿੰਘ ਪਮਾਰ,ਸਿਮਰਜੀਤ ਕੌਰ ਸਿੰਘ,ਬਲਕਾਰ ਸਿੰਘ ਬਰਾੜ,ਗੁਰਮੇਲ ਸਿੰਘ ਫਫੜੇ ਨੇ ਵੀ ਸੰਬੋਧਨ ਕੀਤਾ।






















