ਸੰਯੁਤਕ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਦਰਸ਼ਨ ਪਾਲ ਦਾ ਸਨਮਾਨ
ਸੰਘਰਸ਼ ਨੇ ਖੇਤੀ ਅਰਥਚਾਰਾ ਅਤੇ ਲੋਕਾਂ ਦੀ ਖਾਦ-ਖੁਰਾਕ ਨੂੰ ਕਾਰਪੋਰੇਟਾਂ ਦੇ ਸਪੁਰਦ ਹੋਣ ਤੋਂ ਬਚਾਇਆ

ਮਾਨਸਾ, 18 ਦਸੰਬਰ(ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਡਾ. ਦਰਸ਼ਨ ਪਾਲ ਦਾ ਮਾਨਸਾ ਵਿਖੇ ਅੱਜ ਭਰਵਾਂ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ, ਮਾਨਸਾ ਜ਼ਿਲ੍ਹੇ ਮੋਹਤਵਰ ਵਿਅਕਤੀ, ਇਲਾਕੇ ਦੇ ਕਿਸਾਨ, ਸ਼ਹਿਰੀ ਡਾਕਟਰ, ਮਜ਼ਦੂਰ, ਦੁਕਾਨਦਾਰ,ਨੌਜਵਾਨ, ਅਧਿਆਪਕ ਅਤੇ ਹੋਰ ਪਤਵੰਤੇ ਸ਼ਾਮਲ ਹੋਏ।ਮੰਚ ਤੋਂ ਬੁਲਾਰਿਆਂ ਦਾ ਕਹਿਣਾ ਸੀ ਕਿ ਜਿੱਥੇ ਕਾਨੂੰਨ ਵਾਪਸ ਕਰਵਾਉਣ ਦੇ ਇਸ ਸੰਘਰਸ਼ ਨੇ ਮੋਦੀ ਸਰਕਾਰ ਦਾ ਹੰਕਾਰ ਤੋੜਿਆ ਹੈ, ਉਥੇ ਉਤਰੀ ਭਾਰਤ ਦੇ ਪੰਜਾਬ, ਹਰਿਆਣਾ ਸਮੇਤ ਹੋਰਨਾਂ ਸੂਬਿਆਂ ਦੀ ਆਪਸੀ ਨੇੜਤਾ ਵੀ ਮੁੱਖ ਰੂਪ ਵਿੱਚ ਵੇਖਣ ਨੂੰ ਸਾਹਮਣੇ ਆਈ ਹੈ।
ਸਨਮਾਨ ਸਮਾਰੋਹ ਦੌਰਾਨ ਡਾ. ਦਰਸ਼ਨ ਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸੰਘਰਸ਼ ਦੀ ਸ਼ਾਨਮੱਤੀ ਜਿੱਤ ਦਾ ਸਿਹਰਾ ਕਿਸਾਨਾਂ,ਮਜ਼ਦੂਰਾਂ ਅਤੇ ਸਮੁੱਚੀ ਲੋਕਾਈ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨਾਂ ਰਾਹੀਂ ਖੇਤੀ ਅਰਥਚਾਰਾਂ ਅਤੇ ਲੋਕਾਂ ਦੀ ਖਾਦ-ਖੁਰਾਕ ਨੂੰ ਕਾਰਪੋਰੇਟਾਂ ਦੇ ਸਪੁਰਦ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪਿਛਲੀ ਇੱਕ ਸਦੀ ਦਾ ਇਤਿਹਾਸਕ ਵਿਸ਼ਵ ਪੱਧਰੀ ਅੰਦੋਲਨ ਹੋ ਨਿਬੜਿਆ ਹੈ, ਜਿਸ ਨੇ ਸ਼ਾਤੀਪੂਰਵਕ ਢੰਗ ਨਾਲ ਕੇਂਦਰ ਦੀ ਤਾਨਾਸ਼ਾਹ ਸਰਕਾਰ ਤੋਂ ਆਪਣੀਆਂ ਹੱਕਾਂ ਮੰਗਾਂ ਨੂੰ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਤਿੰਨ ਕਾਨੂੰਨਾਂ ਦੇ ਖਾਤਮੇ ਤੋਂ ਬਾਅਦ ਫ਼ਤਿਹ ਮਾਰਚ ਦੌਰਾਨ ਲੋਕਾਂ ਦੇ ਅਥਾਹ ਪਿਆਰ ਨੂੰ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦੀਆਂ ਅਗਾਉਂ ਨੀਤੀਆਂ ਅਤੇ ਕਾਨੂੰਨ ਤੋਂ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਕੰਮ ਲੋਕਾਂ ਦੀ ਸਮੂਲੀਅਤ ਅਤੇ ਕਿਸਾਨ ਲੀਡਰਸ਼ਿਪ ਦੀ ਏਕਤਾ ਅਤੇ ਸੁਹਿਦਰਤਾ ਨਾਲ ਹੀ ਹੋ ਸਕਦਾ ਹੈ।
ਘੱਟ ਗਿਣਤੀ ਕਮਿਸ਼ਨ ਭਾਰਤ ਦੇ ਸਾਬਕਾ ਉਪ ਚੇਅਰਮੈਨ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਕਾਰਪੋਰੇਟ ਸੈਕਟਰ ਦੀ ਲੁੱਟ ਖਿਲਾਫ਼ ਲੜਨ ਦੀਆਂ ਨਵੀਂਆਂ ਪਿਰਤਾਂ ਪਾਈਆਂ ਹਨ, ਜਿੰਨਾਂ ਦਾ ਹਮੇਸ਼ਾ ਇਤਿਹਾਸ ਵਿੱਚ ਜ਼ਿਕਰ ਹੁੰਦਾ ਰਹੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਰਥ-ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਤਿੰਨ ਮਾਰੂ ਕਾਨੂੰਨ ਖ਼ਤਮ ਹੋਣ ਤੋਂ ਬਾਅਦ ਖੇਤੀ ਦੀ ਲਾਹੇਵੰਦੀ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਬੇਹਤਰ ਬਣਾਉਣ ਲਈ ਖੇਤੀ ਵਿੱਚ ਸਰਕਾਰ ਨਿਵੇਸ਼ ਦਾ ਹੋਣਾ ਜ਼ਰੂਰੀ ਹੈ।
ਇਸ ਮੌਕੇ ਗੁਰਮੀਤ ਸਿੰਘ ਦਿੱਤੂਪੁਰ, ਸਾਧੂ ਸਿੰਘ ਬੁਰਜ ਢਿੱਲਵਾਂ, ਡਾ.ਧਰਮਿੰਦਰ ਸਪੋਲੀਆ, ਡਾ. ਅਜੀਤਾ ਪਟਿਆਲਾ, ਜ਼ਸਪਾਲ ਖੋਖਰ,ਹਰਿੰਦਰ ਸਿੰਘ ਮਾਨਸ਼ਾਹੀਆ,ਹਰਦੀਪ ਸਿੰਘ ਸਿੱਧੂ, ਐਡਵੋਕੇਟ ਬਲਵੀਰ ਕੌਰ ਬੱਲੀ, ਐਡਵੋਕੇਟ ਹਰਿੰਦਰ ਸ਼ਰਮਾਂ, ਅਸ਼ੋਕ ਸਪੋਲੀਆ, ਮਲਕੀਤ ਸਿੰਘ ਮੂਲੇਵਾਲਾ, ਸੱਤਪਾਲ ਰਿਸ਼ੀ, ਐਡਵੋਕੇਟ ਸਰਬਜੀਤ ਸਿੰਘ ਵਾਲੀਆ,ਐਡਵੋਕੇਟ ਅਮਨ ਕੁਮਾਰ, ਸਤਿੰਦਰਪਾਲ ਮਿੱਤਲ, ਡਾ. ਵਿਜੈ ਸਿੰਗਲਾ,ਭਜਨ ਸਿੰਘ ਘੁੰਮਣ, ਡਾ. ਜਨਕ ਰਾਜ, ਡਾ. ਪ੍ਰਸ਼ੋਤਮ ਗੋਇਲ, ਡਾ. ਗੁਰਮੇਲ ਕੌਰ ਜੋਸ਼ੀ ਨੇ ਵੀ ਸੰਬੋਧਨ ਕੀਤਾ।






















