ਖੇਤ ਮਜਦੂਰ ਔਰਤਾਂ ਵੱਲੋਂ ਚੰਨੀ ਸਰਕਾਰ ਖਿਲਾਫ਼ ਮਾਨਸਾ ’ਚ ਰੋਹ ਭਰਪੂਰ ਰੋਸ ਮਾਰਚ
ਮਾਨਸਾ ਦੇ ਡੀ.ਸੀ ਨੂੰ ਤੁਰੰਤ ਬਦਲਿਆ ਜਾਵੇ- ਕਾਮਰੇਡ ਹਰਦੇਵ ਅਰਸ਼ੀ

ਮਾਨਸਾ, 17 ਦਸੰਬਰ(ਵਿਸ਼ਵ ਵਾਰਤਾ)ਪੰਜਾਬ ਖੇਤ ਮਜਦੂਰ ਸਭਾ (ਔਰਤ ਵਿੰਗ) ਦੀ ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਅੱਜ ਇਥੇ ਸ਼ਹਿਰ ’ਚ ਰੋਹ ਭਰਪੂਰ ਮੁਜ਼ਾਹਰਾ ਰੋਸ ਮੁਜ਼ਾਹਰਾ ਕਰਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਰਵੀਂ ਰੈਲੀ ਕੀਤੀ ਗਈ, ਜਿਸ ਦੌਰਾਨ ਨਰਮੇ ਦੀ ਚੁਗਾਈ ਦਾ ਮੁਅਵਾਜ਼ਾ ਲੈਣ ਸਮੇਤ ਸਹੂਲਤਾਂ ਨੂੰ ਜਾਰੀ ਕਰਨ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਜਿਲ੍ਹਾ ਮਾਨਸਾ ਵਿਖੇ ਚੰਨੀ ਸਰਕਾਰ ਦੇ ਐਲਾਨ ਕੇਵਲ ਐਲਾਨ ਬਣਕੇ ਰਹਿ ਗਏ ਹਨ ਅਤੇ ਅਮਲ ਵਿੱਚ ਕੁੱਝ ਵੀ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਮਾਨਸਾ ਜਿਲ੍ਹੇ ਵਿੱਚ ਗੈਰ ਸੰਜੀਦਾ ਡਿਪਟੀ ਕਮਿਸ਼ਨਰ ਦੀ ਵਜ੍ਹਾ ਨਾਲ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਅਮਲ ਨਹੀਂ ਹੋਇਆ, ਜਿਸ ਕਾਰਨ ਮਾਨਸਾ ਦੇ ਹਜਾਰਾਂ ਲਾਭਪਾਤਰੀ ਪਲਾਟਾਂ ਸਮੇਤ ਹੋਰ ਸਹੂਲਤਾਂ ਤੋਂ ਵਾਂਝੇ ਹਨ ਅਤੇ ਜਿੰਨਾਂ ਸਹੂਲਤਾਂ ਅਤੇ ਲਾਭਾਂ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਨੂੰ ਤੇਜ਼ ਕਰਕੇ ਜਿੱਤ ਤੱਕ ਲੈਕੇ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਾਈਕਰੋ ਫਾਇਨਾਂਸ ਕੰਪਨੀਆਂ, ਜੋ ਕਿ ਗੈਰ-ਕਾਨੂੰਨੀ ਤਰੀਕੇ ਨਾਲ 10% ਤੋਂ 60% ਤੱਕ ਰੁਜ਼ਗਾਰ ਦੇ ਨਾਂ ’ਤੇ ਮਜ਼ਦੂਰ ਔਰਤਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ, ਉਹਨਾਂ ਦੀ ਪੜਤਾਲ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਨਾਲ ਖ਼ਤਮ ਹੋਏ ਨਰਮੇ ਦੇ ਖਰਾਬੇ ਦਾ ਮੁਆਵਜ਼ਾ ਨੂੰ ਬਿਨਾਂ ਦੇਰੀ ਤੋਂ ਤੁਰੰਤ ਜਾਰੀ ਕੀਤਾ ਜਾਵੇ। ਉਨ੍ਹਾਂ ਔਰਤਾਂ ਸਮੇਤ ਮਜਦੂਰਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣ ਅਤੇ ਮਨਰੇਗਾ ਕਾਨੂੰਨ ਨੂੰ ਅਮਲ ਵਿੱਚ ਲਾਗੂ ਕਰਕੇ ਕੰਮ ਦੇਣਾ ਯਕੀਨੀ ਬਣਾਇਆ ਜਾਵੇ।
ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਕਿ੍ਰਸ਼ਨ ਚੌਹਾਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਦਲਿਤਾਂ ਅਤੇ ਗਰੀਬ ਲੋਕਾਂ ਦੀ ਵੋਟ ਬਟੋਰਨ ਲਈ ਕਾਂਗਰਸ ਵੱਲੋਂ ਆਮ ਆਦਮੀ ਅਤੇ ਪਛੜੇ ਵਰਗ ਦਾ ਮੁਖੌਟਾ ਬਣਾਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ, ਉਹ ਦਲਿਤ ਵਿਰੋਧੀ ਅਤੇ ਸਰਮਾਏਦਾਰ ਪੱਖੀ ਸਾਬਤ ਹੋ ਰਿਹਾ ਹੈ।
ਇਸ ਮੌਕੇ ਸੀਤਾ ਰਾਮ ਗੋਬਿੰਦਪੁਰਾ, ਵੇਦ ਬੁਢਲਾਡਾ, ਰਤਨ ਭੋਲਾ, ਕਾਕਾ ਸਿੰਘ,ਚਿਮਨ ਲਾਲ ਕਾਕਾ, ਹਰਪ੍ਰੀਤ ਮਾਨਸਾ,ਰਾਜਵਿੰਦਰ ਸਿੰਘ,ਅਵਤਾਰ ਸਿੰਘ,ਅਮਰਜੀਤ ਲਾਡੀ,ਮਨਜੀਤ ਕੌਰ, ਸੋਮਾ ਕੌਰ ਉੱਭਾ,ਮਨਜੀਤ ਗਾਮੀਵਾਲਾ,ਸੰਤੋਸ਼ ਬੁਢਲਾਡਾ,ਸੁਖਦੇਵ ਸਿੰਘ,ਬਲਵੰਤ ਭੈਣੀਬਾਘਾ,ਅਜੈਬ ਸਿੰਘ ਕੋਟਧਰਮੂ,ਕੁਲਵਿੰਦਰ ਕੌਰ, ਅਮਰਜੀਤ ਕੌਰ, ਵੀਰਪਾਲ ਕੌਰ ਨੇ ਵੀ ਸੰਬੋਧਨ ਕੀਤਾ।






















